ਰੋਮ : ਚੀਨ ਦੇ ਬਾਅਦ ਇਟਲੀ ਦੁਨੀਆ 'ਚ ਕੋਰੋਨਾ ਨਾਲ ਦੂਜਾ ਸਭ ਤੋਂ ਪ੍ਰਭਾਵਿਤ ਦੇਸ਼ ਹੈ। ਇੱਥੇ ਵਾਇਰਸ ਨੇ ਹੁਣ ਤਕ 2,100 ਤੋਂ ਜ਼ਿਆਦਾ ਲੋਕਾਂ ਦੀ ਜਾਨ ਲੈ ਲਈ ਹੈ। ਸੋਮਵਾਰ ਨੂੰ ਇਕ ਹੀ ਦਿਨ 'ਚ 300 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਦਹਿਸ਼ਤ ਭਰੇ ਅੰਕੜਿਆਂ ਵਿਚਾਲੇ ਦਿਲ ਨੂੰ ਚੁੱਭਣ ਵਾਲੀ ਗੱਲ ਇਹ ਵੀ ਹੈ ਕਿ ਆਪਣੇ ਪਿਆਰਿਆਂ ਨੂੰ ਇਸ ਵਾਇਰਸ ਦੇ ਕਾਰਨ ਗੁਆ ਦੇਣ ਵਾਲੇ ਲੋਕ ਆਖਰੀ ਵਾਰੀ ਉਨ੍ਹਾਂ ਨੂੰ ਦੇਖ ਵੀ ਨਹੀਂ ਸਕੇ।

ਕੋਰੋਨਾ ਨੇ ਇਟਲੀ ਨੂੰ ਬੁਰੀ ਤਰ੍ਹਾਂ ਗਿ੍ਫ਼ਤ ਵਿਚ ਲੈ ਲਿਆ ਹੈ। ਸਰਕਾਰ ਨੇ ਸਾਰਿਆਂ ਨੂੰ ਘਰਾਂ 'ਚ ਰਹਿਣ ਦਾ ਆਦੇਸ਼ ਸੁਣਾ ਦਿੱਤਾ ਹੈ। ਡਾਕਟਰ ਤੇ ਨਰਸ ਦਿਨ-ਰਾਤ ਲੋਕਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਘਰਾਂ ਵਿਚ ਕੈਦ ਬੱਚੇ ਖਿੜਕੀਆਂ ਤੋਂ ਰੰਗ-ਬਿਰੰਗੇ ਪੋਸਟਰ ਲਹਿਰਾ ਕੇ ਖ਼ੁਦ ਨੂੰ ਬਹਿਲਾ ਰਹੇ ਹਨ। ਘਰ ਦੇ ਵੱਡੇ ਲੋਕ ਬਾਲਕੋਨੀ 'ਚ ਖੜ੍ਹੇ ਹੋ ਕੇ ਗਾਣਾ ਗਾਉਂਦੇ ਹੋਏ ਖ਼ੁਦ ਨੂੰ ਸਕੂਨ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਦਿਲ ਵਿਚ ਸ਼ਾਂਤੀ ਰੱਖਣ ਦੀਆਂ ਇਨ੍ਹਾਂ ਕੋਸ਼ਿਸ਼ਾਂ ਵਿਚਾਲੇ ਸਭ ਤੋਂ ਵੱਡਾ ਦਰਦ ਹੈ ਉਨ੍ਹਾਂ ਆਪਣਿਆਂ ਦੀਆਂ ਲਾਸ਼ਾਂ, ਜਿਨ੍ਹਾਂ ਨੇ ਇਸ ਮਹਾਮਾਰੀ ਦੇ ਕਾਰਨ ਜਾਨ ਗੁਆ ਦਿੱਤੀ ਹੈ। ਕੋਰੋਨਾ ਦੀ ਦਹਿਸ਼ਤ ਕਾਰਨ ਇਟਲੀ ਨੇ ਸਸਕਾਰ ਦੇ ਰਵਾਇਤੀ ਤਰੀਕਿਆਂ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਲਈ ਚਾਹ ਕੇ ਵੀ ਲੋਕ ਆਪਣੇ ਪਿਆਰਿਆਂ ਦਾ ਰਸਮੀ ਸਸਕਾਰ ਨਹੀਂ ਕਰ ਪਾ ਰਹੇ। ਕੁਝ ਸੂਬਿਆਂ 'ਚ ਆਪਣੇ ਪਿਆਰਿਆਂ ਦਾ ਰਸਮੀ ਸਸਕਾਰ ਨਹੀਂ ਕਰ ਪਾ ਰਹੇ। ਕੁਝ ਸੂਬਿਆਂ ਵਿਚ ਹਸਪਤਾਲ ਲਾਸ਼ਾਂ ਨਾਲ ਭਰੇ ਹਨ। ਦਿ੍ਸ਼ ਖ਼ਤਰਨਾਕ ਹੋ ਗਿਆ ਹੈ। ਕਬਰਿਸਤਾਨਾਂ 'ਚ ਲੋਕਾਂ ਨੂੰ ਦਫਨਾਉਣਾ ਵੀ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਇਟਲੀ ਦੇ ਬਰਗਾਮੋ ਸੂਬੇ ਦੇ ਚਰਚ ਆਫ ਆਲ ਸੈਂਟਰਸ ਦੇ ਪਾਦਰੀ ਮਾਰਕੋ ਬਰਗਾਮੇਲੀ ਨੇ ਕਿਹਾ, 'ਰੋਜ਼ ਸੈਂਕੜੇ ਲੋਕਾਂ ਦੀ ਮੌਤ ਹੋ ਰਹੀ ਹੈ। ਸਾਨੂੰ ਸਮਝ ਨਹੀਂ ਆ ਰਿਹਾ ਕਿ ਉਨ੍ਹਾਂ ਨੂੰ ਕਿੱਥੇ ਦਫਨਾਈਏ। ਇਕ ਲਾਸ਼ ਨੂੰ ਦਫਨਾਉਣ 'ਚ ਘੱਟੋ ਘੱਟ ਇਕ ਘੰਟੇ ਦਾ ਸਮਾਂ ਲੱਗਦਾ ਹੈ। ਇਸ ਲਈ ਵੱਡੀ ਗਿਣਤੀ ਵਿਚ ਲਾਸ਼ਾਂ ਦਫਨਾਏ ਜਾਣ ਦੇ ਇੰਤਜ਼ਾਰ 'ਚ ਰੱਖੀਆਂ ਹਨ।' ਉਨ੍ਹਾਂ ਕਿਹਾ ਕਿ ਇਸ ਸਮੇਂ ਆਪਣਿਆਂ ਦੇ ਸਾਥ ਦੀ ਲੋੜ ਹੈ ਪਰ ਪਾਬੰਦੀਆਂ ਕਾਰਨ ਲੋਕ ਇਕ-ਦੂਜੇ ਨੂੰ ਮਿਲ ਵੀ ਨਹੀਂ ਸਕਦੇ।

Posted By: Rajnish Kaur