ਵੈਟੀਕਨ ਸਿਟੀ (ਏਪੀ) : ਪੋਪ ਫਰਾਂਸਿਸ ਨੇ ਸਿਆਹਫਾਮ ਵਿਅਕਤੀ ਜਾਰਜ ਫਲਾਇਡ ਦੀ ਮੌਤ 'ਤੇ ਅਮਰੀਕੀ ਕੈਥੋਲਿਕਾਂ ਨੂੰ ਸਖ਼ਤ ਸੰਦੇਸ਼ ਦਿੱਤਾ ਹੈ। ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਦੋ ਵਾਰ ਫਲਾਇਡ ਦਾ ਨਾਂ ਲਿਆ ਅਤੇ ਇਕ ਅਮਰੀਕੀ ਬਿਸ਼ਪ ਦਾ ਸਮਰਥਨ ਕੀਤਾ, ਜਿਸਨੇ ਵਿਰੋਧ-ਪ੍ਰਦਰਸ਼ਨ ਦੇ ਦੌਰਾਨ ਗੋਡਿਆਂ ਭਾਰ ਬੈਠ ਕੇ ਪ੍ਰਾਰਥਨਾ ਕਰਵਾਈ ਸੀ।

ਯੇਲ ਡਿਵੀਨਿਟੀ ਸਕੂਲ ਦੀ ਫੈਲੋ ਏਂਥੀਆ ਬਟਲਰ ਨੇ ਕਿਹਾ ਕਿ ਪੋਪ ਰੂੜੀਵਾਦੀ ਕੈਥੋਲਿਕ ਨੂੰ ਸਖ਼ਤ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਇਨ੍ਹਾਂ ਪ੍ਰਦਰਸ਼ਨਕਾਰੀਆਂ ਦੀ ਆਵਾਜ਼ ਨੂੰ ਧਿਆਨ ਨਾਲ ਸੁਣਨ ਦੀ ਜ਼ਰੂਰਤ ਹੈ। ਪੋਪ ਫਰਾਂਸਿਸ ਨੇ ਲੰਘੇ ਹਫ਼ਤੇ ਵੀ ਫਲਾਇਡ ਦੀ ਮੌਤ 'ਤੇ ਚਿੰਤਾ ਪ੍ਰਗਟ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਨਸਲਵਾਦ ਦੇ ਖ਼ਿਲਾਫ਼ ਅਸੀਂ ਅੱਖਾਂ ਬੰਦ ਨਹੀਂ ਕਰ ਸਕਦੇ ਹਾਂ। ਆਪਣੇ ਹਫ਼ਤਾਵਾਰੀ ਸੰਬੋਧਨ ਵਿਚ ਪੋਪ ਨੇ ਕਿਹਾ, 'ਮੇਰੇ ਦੋਸਤੋ ਅਸੀਂ ਜਾਤੀਵਾਦ ਅਤੇ ਬਾਈਕਾਟ ਨੂੰ ਕਿਸੇ ਵੀ ਰੂਪ ਵਿਚ ਸਵੀਕਾਰ ਨਹੀਂ ਕਰ ਸਕਦੇ ਹਾਂ। ਹਰ ਮਨੁੱਖੀ ਜੀਵਨ ਦੀ ਰੱਖਿਆ ਕਰਨਾ ਸਾਡਾ ਫਰਜ਼ ਹੈ। ਹਿੰਸਾ ਨਾਲ ਕੁਝ ਵੀ ਹਾਸਲ ਨਹੀਂ ਹੋਵੇਗਾ।'

Posted By: Susheel Khanna