ਵੀਨਸ (ਏਐੱਫਪੀ) : ਯੂਨੈਸਕੋ ਦੀਆਂ ਵਿਸ਼ਵ ਵਿਰਾਸਤਾਂ ਵਿਚ ਸ਼ਾਮਲ ਇਟਲੀ ਦੇ ਵੀਨਸ ਸ਼ਹਿਰ ਦੀ ਹਾਲਤ ਜਵਾਰਭਾਟੇ ਅਤੇ ਬਾਰਿਸ਼ ਕਾਰਨ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਦੁਨੀਆ ਭਰ 'ਚ ਮਸ਼ਹੂਰ ਸ਼ਹਿਰ ਦੇ ਸੇਂਟ ਮਾਰਕ ਸਕੁਵਾਇਰ ਨੂੰ ਇਕ ਹਫ਼ਤੇ ਵਿਚ ਤੀਜੀ ਵਾਰ ਹੜ੍ਹ ਦੇ ਖ਼ਤਰੇ ਕਾਰਨ ਬੰਦ ਕਰ ਦਿੱਤਾ ਗਿਆ ਹੈ। ਬਾਰਿਸ਼ ਵੀ ਰੁਕਣ ਦਾ ਨਾਂ ਨਹੀਂ ਲੈ ਰਹੀ। ਫਲੋਰੈਂਸ ਅਤੇ ਪੀਸਾ ਲਈ ਵੀ ਚਿਤਾਵਨੀ ਜਾਰੀ ਕੀਤੀ ਗਈ ਹੈ।

ਵੀਨਸ 'ਚ ਐਤਵਾਰ ਨੂੰ ਪਾਣੀ ਦਾ ਪੱਧਰ ਕਰੀਬ 160 ਸੈਂਟੀਮੀਟਰ ਰਹਿਣ ਦਾ ਅਨੁਮਾਨ ਪ੍ਰਗਟਾਇਆ ਗਿਆ, ਪਰ ਇਹ ਮੰਗਲਵਾਰ ਦੇ 187 ਸੈਂਟੀਮੀਟਰ ਤੋਂ ਘੱਟ ਹੈ, ਜਿਹੜਾ ਪਿਛਲੀ ਅੱਧੀ ਸਦੀ ਵਿਚ ਬਹੁਤ ਜ਼ਿਆਦਾ ਸੀ। ਮੇਅਰ ਲੁਈਗੀ ਬਰੁਗਨਾਰੋ ਨੇ ਕਿਹਾ ਕਿ ਸੇਂਟ ਮਾਰਕ ਸਕੁਵਾਇਰ ਬੰਦ ਕਰ ਦਿੱਤਾ ਗਿਆ ਹੈ। ਸਮੁੰਦਰ ਦਾ ਪਾਣੀ ਵਧਣ ਨਾਲ ਪੂਰਾ ਸ਼ਹਿਰ ਪਾਣੀ-ਪਾਣੀ ਹੈ। ਪ੍ਰਸ਼ਾਸਨ ਨੇ ਇੱਥੇ ਐਮਰਜੈਂਸੀ ਦਾ ਐਲਾਨ ਕੀਤਾ ਹੈ। ਚਰਚ, ਦੁਕਾਨਾਂ ਅਤੇ ਘਰਾਂ ਵਿਚ ਪਾਣੀ ਭਰ ਚੁੱਕਾ ਹੈ। ਸ਼ਹਿਰ ਨੂੰ ਬਚਾਉਣ ਲਈ ਐੱਮਓਐੱਸਈ ਪ੍ਰਾਜੈਕਟ 2003 ਤੋਂ ਜਾਰੀ ਹੈ। ਪਰ ਹੁਣ ਕਈ ਅਰਬ ਦਾ ਇਹ ਪ੍ਰਾਜੈਕਟ ਲਾਗਤ ਵਧਣ, ਭਿ੍ਸ਼ਟਾਚਾਰ ਅਤੇ ਦੇਰੀ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ।