ਰੋਮ (ਏਜੰਸੀਆਂ) : ਯੂਰਪ 'ਚ ਦੂਜੇ ਦੌਰ ਦੀ ਕੋਰੋਨਾ ਮਹਾਮਾਰੀ ਤੇਜ਼ੀ ਨਾਲ ਵੱਧ ਰਹੀ ਹੈ। ਫਰਾਂਸ, ਬਿ੍ਟੇਨ, ਇਟਲੀ, ਚੈੱਕ ਗਣਰਾਜ, ਪੋਲੈਂਡ ਅਤੇ ਸਪੇਨ ਸਮੇਤ ਕਈ ਯੂਰਪੀ ਦੇਸ਼ਾਂ ਵਿਚ ਇਸ ਖ਼ਤਰਨਾਕ ਵਾਇਰਸ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਦੇਸ਼ਾਂ ਵਿਚ ਰੋਜ਼ਾਨਾ ਦੇ ਨਵੇਂ ਮਾਮਲਿਆਂ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਕਈ ਥਾਵਾਂ 'ਤੇ ਹਸਪਤਾਲਾਂ ਦੇ ਆਈਸੀਯੂ ਮਰੀਜ਼ਾਂ ਨਾਲ ਭਰ ਗਏ ਹਨ। ਯੂਰਪ ਵਿਚ ਇਕ ਦਿਨ ਪਹਿਲੇ ਰਿਕਾਰਡ ਇਕ ਲੱਖ ਤੋਂ ਜ਼ਿਆਦਾ ਕੋਰੋਨਾ ਦੇ ਮਰੀਜ਼ ਮਿਲੇ ਸਨ।

ਦੂਜੇ ਦੌਰ ਦੀ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਕਈ ਦੇਸ਼ਾਂ ਵਿਚ ਸਖ਼ਤ ਕਦਮ ਚੁੱਕੇ ਗਏ ਹਨ। ਸਪੇਨ ਨੇ ਇਨਫੈਕਸ਼ਨ ਵਧਣ 'ਤੇ ਇਸ ਹਫ਼ਤੇ ਰਾਜਧਾਨੀ ਮੈਡਿ੍ਡ ਵਿਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ। ਇਟਲੀ ਵਿਚ ਘਰ ਤੋਂ ਬਾਹਰ ਨਿਕਲਣ 'ਤੇ ਮਾਸਕ ਪਾਉਣਾ ਲਾਜ਼ਮੀ ਕੀਤਾ ਗਿਆ ਹੈ। ਇਟਲੀ ਯੂਰਪ ਵਿਚ ਪਹਿਲੇ ਦੌਰ ਦੀ ਮਹਾਮਾਰੀ ਦਾ ਕੇਂਦਰ ਰਿਹਾ ਹੈ। ਇਸ ਯੂਰਪੀ ਦੇਸ਼ ਵਿਚ ਬੀਤੇ 24 ਘੰਟਿਆਂ ਦੌਰਾਨ 5,372 ਨਵੇਂ ਪਾਜ਼ੇਟਿਵ ਕੇਸ ਮਿਲੇ ਹਨ। ਇਸ ਨਾਲ ਕੋਰੋਨਾ ਪ੍ਰਭਾਵਿਤ ਲੋਕਾਂ ਦਾ ਅੰਕੜਾ ਤਿੰਨ ਲੱਖ 43 ਹਜ਼ਾਰ ਤੋਂ ਜ਼ਿਆਦਾ ਹੋ ਗਿਆ। ਉਧਰ, ਫਰਾਂਸ ਵਿਚ ਸ਼ੁੱਕਰਵਾਰ ਨੂੰ 20 ਹਜ਼ਾਰ 300 ਨਵੇਂ ਮਰੀਜ਼ ਮਿਲੇ। ਪੋਲੈਂਡ ਵਿਚ ਇਕ ਦਿਨ ਵਿਚ ਪੰਜ ਹਜ਼ਾਰ ਤੋਂ ਜ਼ਿਆਦਾ ਨਵੇਂ ਪੀੜਤ ਮਿਲੇ ਹਨ। ਬਿ੍ਟੇਨ ਵਿਚ ਵੀ ਕਰੀਬ 14 ਹਜ਼ਾਰ ਨਵੇਂ ਮਰੀਜ਼ ਮਿਲੇ ਹਨ। ਚੈੱਕ ਗਣਰਾਜ ਦੇ ਸਿਹਤ ਮੰਤਰਾਲੇ ਨੇ ਬੀਤੇ 24 ਘੰਟਿਆਂ ਦੌਰਾਨ 8,618 ਨਵੇਂ ਮਾਮਲੇ ਮਿਲਣ ਦੀ ਪੁਸ਼ਟੀ ਕੀਤੀ ਜਦਕਿ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਦੇ ਖੇਤਰੀ ਦਫਤਰ ਦੇ ਕਾਰਜਕਾਰੀ ਡਾਇਰੈਕਟਰ ਰਾਬ ਬਟਲਰ ਨੇ ਦੱਸਿਆ ਕਿ ਸਾਨੂੰ ਯੂਰਪ ਵਿਚ ਬੀਤੇ 24 ਘੰਟਿਆਂ ਦੌਰਾਨ 98 ਹਜ਼ਾਰ ਨਵੇਂ ਕੇਸ ਮਿਲਣ ਦੀ ਸੂਚਨਾ ਮਿਲੀ ਹੈ। ਇਹ ਖ਼ਤਰੇ ਦੀ ਘੰਟੀ ਹੈ।

ਰੂਸ ਵਿਚ ਮਿਲੇ 12 ਹਜ਼ਾਰ ਤੋਂ ਜ਼ਿਆਦਾ ਨਵੇਂ ਮਰੀਜ਼

ਦੂਜੇ ਦੌਰ ਦੀ ਕੋਰੋਨਾ ਮਹਾਮਾਰੀ ਦੀ ਲਪੇਟ ਵਿਚ ਆਏ ਰੂਸ ਵਿਚ ਨਵੇਂ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਕੋਰੋਨਾ ਰਿਸਪਾਂਸ ਸੈਂਟਰ ਨੇ ਸ਼ਨਿਚਰਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਦੇਸ਼ ਵਿਚ ਬੀਤੇ 24 ਘੰਟਿਆਂ ਦੌਰਾਨ 12 ਹਜ਼ਾਰ 846 ਨਵੇਂ ਮਰੀਜ਼ ਮਿਲੇ ਹਨ। ਇਸ ਨਾਲ ਪੀੜਤਾਂ ਦਾ ਅੰਕੜਾ 12 ਲੱਖ 85 ਹਜ਼ਾਰ ਤੋਂ ਜ਼ਿਆਦਾ ਹੋ ਗਿਆ। ਹੁਣ ਤਕ 22 ਹਜ਼ਾਰ 454 ਪੀੜਤਾਂ ਦੀ ਜਾਨ ਗਈ ਹੈ।

ਪਾਕਿਸਤਾਨ 'ਚ ਇਨਫੈਕਸ਼ਨ ਰੋਕਣ ਲਈ ਨਵੇਂ ਉਪਾਅ

ਪਾਕਿਸਤਾਨ ਵਿਚ ਦੂਜੇ ਦੌਰ ਦੀ ਕੋਰੋਨਾ ਮਹਾਮਾਰੀ ਦੇ ਖ਼ਤਰੇ ਨੂੰ ਟਾਲਣ ਲਈ ਨਵੇਂ ਉਪਾਵਾਂ ਦਾ ਐਲਾਨ ਕੀਤਾ ਗਿਆ ਹੈ। ਇਸ ਤਹਿਤ ਵਿਆਹ ਸਮਾਗਮਾਂ ਵਿਚ ਮਹਿਮਾਨਾਂ ਦੀ ਗਿਣਤੀ ਸੀਮਤ ਕੀਤੀ ਗਈ ਹੈ। ਇਸ ਦੇ ਇਲਾਵਾ ਮੈਰਿਜ ਹਾਲ ਅਤੇ ਰੈਸਤਰਾਂ ਲਈ ਵੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਦੌਰਾਨ ਦੇਸ਼ ਵਿਚ 671 ਨਵੇਂ ਮਾਮਲੇ ਮਿਲਣ ਨਾਲ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ ਤਿੰਨ ਲੱਖ 18 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ।

ਨੇਪਾਲ : ਇਸ ਹਿਮਾਲਿਆ ਦੇ ਦੇਸ਼ ਵਿਚ ਪਹਿਲੀ ਵਾਰ ਇਕ ਦਿਨ ਵਿਚ ਰਿਕਾਰਡ 5,009 ਨਵੇਂ ਕੇਸ ਮਿਲਣ ਨਾਲ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਇਕ ਲੱਖ ਪੰਜ ਹਜ਼ਾਰ ਤੋਂ ਜ਼ਿਆਦਾ ਹੋ ਗਈ।

ਫਿਲਪੀਨਜ਼ : 2,249 ਨਵੇਂ ਕੋਰੋਨਾ ਮਰੀਜ਼ ਮਿਲਣ ਨਾਲ ਕੋਰੋਨਾ ਪ੍ਰਭਾਵਿਤ ਲੋਕਾਂ ਦਾ ਅੰਕੜਾ ਤਿੰਨ ਲੱਖ 37 ਹਜ਼ਾਰ ਹੋ ਗਿਆ। ਇੱਥੇ ਹੁਣ ਤਕ 6,238 ਦੀ ਜਾਨ ਗਈ ਹੈ।