ਰੋਮ (ਏਐੱਨਆਈ) : ਗਣਤੰਤਰ ਦਿਵਸ ਮੌਕੇ ਕਿਸਾਨ ਅੰਦੋਲਨ ਦੇ ਸਮਰਥਨ ਦੇ ਨਾਂ 'ਤੇ ਇਕੱਠੇ ਹੋਏ ਖ਼ਾਲਿਸਤਾਨ ਸਮਰਥਕਾਂ ਨੇ ਰੋਮ ਦੇ ਭਾਰਤੀ ਦੂਤਘਰ 'ਚ ਭੰਨਤੋੜ ਕੀਤੀ। ਘਟਨਾ ਦੇ ਸਬੰਧ ਵਿਚ ਭਾਰਤ ਨੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ ਅਤੇ ਇਟਲੀ ਸਰਕਾਰ ਤੋਂ ਘਟਨਾ ਵਿਚ ਸ਼ਾਮਲ ਸ਼ਰਾਰਤੀ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ।

ਭੰਨਤੋੜ ਕਰਨ ਵਾਲਿਆਂ ਦੀ ਭੀੜ ਦੂਤਘਰ 'ਤੇ ਕਿਸਾਨਾਂ ਦੇ ਸਮਰਥਨ 'ਚ ਪ੍ਰਦਰਸ਼ਨ ਕਰਨ ਦੇ ਨਾਂ 'ਤੇ ਇਕੱਠੀ ਹੋਈ ਸੀ। ਇਨ੍ਹਾਂ ਦੇ ਹੱਥ ਵਿਚ ਕੇਸਰੀ ਰੰਗ ਦਾ ਖ਼ਾਲਿਸਤਾਨੀ ਝੰਡਾ ਸੀ। ਘਟਨਾ ਦੇ ਸਬੰਧ ਵਿਚ ਦੂਤਘਰ ਨੇ ਸਥਾਨਕ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਹੈ। ਭਾਰਤ ਨੇ ਕਿਹਾ ਹੈ ਕਿ ਡਿਪਲੋਮੈਟਾਂ ਅਤੇ ਡਿਪਲੋਮੈਟਿਕ ਭਵਨ ਦੀ ਜ਼ਿੰਮੇਵਾਰੀ ਮੇਜ਼ਬਾਨ ਦੇਸ਼ ਦੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਰੋਮ ਸਰਕਾਰ ਸਖ਼ਤ ਕਾਰਵਾਈ ਕਰੇਗੀ ਅਤੇ ਭਵਿੱਖ ਵਿਚ ਅਜਿਹੀ ਘਟਨਾ ਨਾ ਹੋਵੇ, ਇਸ ਦਾ ਪ੍ਰਬੰਧ ਕੀਤਾ ਜਾਵੇਗਾ। ਗਣਤੰਤਰ ਦਿਵਸ 'ਤੇ ਕਿਸਾਨਾਂ ਦੇ ਸਮਰਥਨ ਦੇ ਨਾਂ 'ਤੇ ਅਮਰੀਕਾ ਦੇ ਵਾਸ਼ਿੰਗਟਨ ਵਿਚ ਵੀ ਖ਼ਾਲਿਸਤਾਨੀਆਂ ਦੀ ਭੀੜ ਇਕੱਠੀ ਹੋਈ ਸੀ। ਇਨ੍ਹਾਂ ਦੇ ਹੱਥਾਂ ਵਿਚ ਖ਼ਾਲਿਸਤਾਨ ਦੇ ਝੰਡੇ ਵੀ ਸਨ। ਇਹ ਮੋਦੀ ਸਰਕਾਰ ਵੱਲੋਂ ਲਿਆਏ ਗਏ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਸਨ।