ਵੈਟੀਕਨ ਸਿਟੀ (ਏਪੀ) : ਈਸਾਈ ਭਾਈਚਾਰੇ ਦੇ ਧਰਮ ਗੁਰੂ ਪੋਪ ਫਰਾਂਸਿਸ ਅਕਤੂਬਰ ਵਿਚ ਮੱਧ ਇਟਲੀ ਦੇ ਸ਼ਹਿਰ ਅਸੀਸੀ ਜਾਣਗੇ। ਕੋਵਿਡ-19 ਮਹਾਮਾਰੀ ਦੇ ਦੌਰ ਵਿਚ ਵੈਟੀਕਨ ਤੋਂ ਬਾਹਰ ਉਨ੍ਹਾਂ ਦੀ ਇਹ ਪਹਿਲੀ ਯਾਤਰਾ ਹੋਵੇਗੀ। ਵੈਟੀਕਨ ਨਾਲ ਲੱਗਦਾ ਇਟਲੀ ਯੂਰਪ ਦਾ ਪਹਿਲਾ ਦੇਸ਼ ਸੀ ਜਿਸ 'ਤੇ ਮਹਾਮਾਰੀ ਦਾ ਕਹਿਰ ਟੁੱਟਿਆ ਸੀ। ਉੱਥੇ ਮਾਰਚ ਤੋਂ ਆਵਾਜਾਈ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ।

ਵੈਟੀਕਨ ਦੇ ਬੁਲਾਰੇ ਅਨੁਸਾਰ ਸਿਹਤ ਕਾਰਨਾਂ ਕਰ ਕੇ ਪੋਪ ਅਸੀਸੀ ਵਿਚ ਕਿਸੇ ਧਾਰਮਿਕ ਸਮਾਗਮ ਵਿਚ ਹਿੱਸਾ ਨਹੀਂ ਲੈਣਗੇ। ਈਸਾਈ ਧਰਮ ਵਿਚ ਅਸੀਸੀ ਨੂੰ ਪਵਿੱਤਰ ਸ਼ਹਿਰ ਮੰਨਿਆ ਜਾਂਦਾ ਹੈ, ਇੱਥੇ ਪੋਪ ਦੀ ਇਹ ਨਿੱਜੀ ਯਾਤਰਾ ਹੋਵੇਗੀ। ਕੋਵਿਡ ਦਾ ਕਹਿਰ ਸ਼ੁਰੂ ਹੋਣ ਤੋਂ ਪਹਿਲੇ ਪੋਪ ਫਰਾਂਸਿਸ ਨੇ ਫਰਵਰੀ ਵਿਚ ਇਟਲੀ ਦੇ ਸ਼ਹਿਰ ਬਾਰੀ ਦੀ ਯਾਤਰਾ ਕੀਤੀ ਸੀ। ਇਸ ਦੇ ਕੁਝ ਹਫ਼ਤੇ ਪਿੱਛੋਂ ਇਟਲੀ ਵਿਚ ਲਾਕਡਾਊਨ ਸ਼ੁਰੂ ਹੋ ਗਿਆ ਸੀ। ਹੁਣ ਜਦਕਿ ਇਟਲੀ ਵਿਚ ਲਾਕਡਾਊਨ ਖ਼ਤਮ ਹੋ ਚੁੱਕਾ ਹੈ ਅਤੇ ਸਰਗਰਮੀਆਂ ਆਮ ਵਾਂਗ ਹੋ ਚੁੱਕੀਆਂ ਹਨ ਤਦ ਪੋਪ ਵੈਟੀਕਨ ਤੋਂ ਬਾਹਰ ਨਿਕਲਣਗੇ।

2020 ਵਿਚ ਪੋਪ ਫਰਾਂਸਿਸ ਨੇ ਹੁਣ ਤਕ ਇਕ ਵੀ ਵਿਦੇਸ਼ ਯਾਤਰਾ ਨਹੀਂ ਕੀਤੀ ਹੈ। ਦੁਨੀਆ ਦੇ ਵੱਡੇ ਹਿੱਸੇ ਵਿਚ ਅਜੇ ਅੰਤਰਰਾਸ਼ਟਰੀ ਉਡਾਣਾਂ ਬੰਦ ਹਨ। ਇਸ ਲਈ ਜੇਕਰ ਪੋਪ ਇਸ ਪੂਰੇ ਸਾਲ ਵਿਦੇਸ਼ ਯਾਤਰਾ ਨਹੀਂ ਕਰਦੇ ਹਨ ਤਾਂ ਦਹਾਕਿਆਂ ਪਿੱਛੋਂ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਕੋਈ ਧਰਮ ਗੁਰੂ ਪੂਰਾ ਸਾਲ ਪਰਵਾਸ 'ਤੇ ਵਿਦੇਸ਼ ਨਾ ਗਿਆ ਹੋਵੇ।