ਰੋਮ (ਏਜੰਸੀਆਂ) : ਦੂਜੇ ਦੌਰ ਦੀ ਕੋਰੋਨਾ ਮਹਾਮਾਰੀ ਦੀ ਲਪੇਟ ਵਿਚ ਆਏ ਯੂਰਪ ਵਿਚ ਸੰਕਟ ਹੋਰ ਡੂੰਘਾ ਹੋ ਰਿਹਾ ਹੈ। ਇਸ ਘਾਤਕ ਵਾਇਰਸ ਦੇ ਕਹਿਰ ਨੂੰ ਰੋਕਣ ਲਈ ਸਾਰੇ ਯਤਨਾਂ ਦੇ ਬਾਵਜੂਦ ਕੋਰੋਨਾ ਇਨਫੈਕਸ਼ਨ ਤੇਜ਼ੀ ਨਾਲ ਵੱਧ ਰਿਹਾ ਹੈ। ਇਸ ਮਹਾਦੀਪ 'ਚ ਰੋਜ਼ਾਨਾ ਰਿਕਾਰਡ ਗਿਣਤੀ ਵਿਚ ਨਵੇਂ ਮਰੀਜ਼ ਮਿਲ ਰਹੇ ਹਨ। ਫਰਾਂਸ, ਬਿ੍ਟੇਨ, ਸਪੇਨ, ਇਟਲੀ ਅਤੇ ਜਰਮਨੀ ਵਰਗੇ ਯੂਰਪੀ ਦੇਸ਼ਾਂ ਵਿਚ ਹਾਲਾਤ ਜ਼ਿਆਦਾ ਖ਼ਰਾਬ ਹੋ ਰਹੇ ਹਨ। ਇਨ੍ਹਾਂ ਦੇਸ਼ਾਂ ਵਿਚ ਰੋਕਥਾਮ ਲਈ ਨਵੀਆਂ ਪਾਬੰਦੀਆਂ ਦੀ ਤਿਆਰੀ ਚੱਲ ਰਹੀ ਹੈ।

ਖ਼ਬਰ ਏਜੰਸੀ ਰਾਇਟਰ ਦੇ ਡਾਟਾ ਅਨੁਸਾਰ ਯੂਰਪ ਵਿਚ ਸੋਮਵਾਰ ਨੂੰ ਰਿਕਾਰਡ ਦੋ ਲੱਖ 30 ਹਜ਼ਾਰ 892 ਨਵੇਂ ਪਾਜ਼ੇਟਿਵ ਕੇਸ ਮਿਲੇ। ਇਸ ਖੇਤਰ ਵਿਚ ਇਕ ਅਕਤੂਬਰ ਨੂੰ ਸਿਰਫ਼ 67 ਹਜ਼ਾਰ 739 ਮਾਮਲੇ ਮਿਲੇ ਸਨ। ਯੂਰਪ 'ਚ ਹੁਣ ਤਕ ਕੁਲ 85 ਲੱਖ 40 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਦੇ ਮਰੀਜ਼ ਮਿਲੇ ਹਨ ਜਦਕਿ ਦੋ ਲੱਖ 51 ਹਜ਼ਾਰ ਪੀੜਤਾਂ ਦੀ ਜਾਨ ਗਈ ਹੈ। ਫਰਾਂਸ ਵਿਚ ਵੱਧ ਰਹੇ ਕੋਰੋਨਾ ਇਨਫੈਕਸ਼ਨ ਨੂੰ ਰੋਕਣ ਲਈ ਲਾਕਡਾਊਨ ਸਮੇਤ ਸਖ਼ਤ ਕਦਮਾਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਦੇਸ਼ ਵਿਚ ਐਤਵਾਰ ਨੂੰ ਪਹਿਲੀ ਵਾਰ 52 ਹਜ਼ਾਰ ਤੋਂ ਜ਼ਿਆਦਾ ਨਵੇਂ ਪਾਜ਼ੇਟਿਵ ਕੇਸ ਮਿਲੇ ਸਨ। ਇਹ ਖ਼ਦਸ਼ਾ ਪ੍ਰਗਟ ਕੀਤਾ ਗਿਆ ਹੈ ਕਿ ਫਰਾਂਸ ਵਿਚ ਰੋਜ਼ਾਨਾ ਦੇ ਨਵੇਂ ਮਾਮਲਿਆਂ ਦੀ ਗਿਣਤੀ ਇਕ ਲੱਖ ਤਕ ਪੁੱਜ ਸਕਦੀ ਹੈ। ਉਧਰ, ਸਪੇਨ ਵਿਚ ਦੂਜੇ ਦੌਰ ਦੀ ਕੋਰੋਨਾ ਮਹਾਮਾਰੀ ਨਾਲ ਨਿਪਟਣ ਲਈ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ। ਇਸ ਦੇਸ਼ ਵਿਚ ਬੀਤੇ 24 ਘੰਟੇ ਦੌਰਾਨ 17 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਮਿਲੇ। ਇਟਲੀ ਵਿਚ ਹਾਲਾਂਕਿ 13 ਦਿਨਾਂ ਬਾਅਦ ਨਵੇਂ ਮਾਮਲਿਆਂ ਵਿਚ ਥੋੜ੍ਹੀ ਗਿਰਾਵਟ ਆਈ ਹੈ। ਸਿਹਤ ਮੰਤਰਾਲੇ ਨੇ ਦੱਸਿਆ ਕਿ ਬੀਤੇ 24 ਘੰਟਿਆਂ ਵਿਚ 17 ਹਜ਼ਾਰ ਨਵੇਂ ਮਾਮਲੇ ਮਿਲੇ। ਇਕ ਦਿਨ ਪਹਿਲੇ 21 ਹਜ਼ਾਰ ਤੋਂ ਜ਼ਿਆਦਾ ਮਰੀਜ਼ ਮਿਲੇ ਸਨ। ਇਸ ਦੌਰਾਨ ਬਿ੍ਟੇਨ ਵਿਚ ਸੋਮਵਾਰ ਨੂੰ 20 ਹਜ਼ਾਰ 890 ਨਵੇਂ ਰੋਗੀ ਮਿਲੇ। ਇਕ ਦਿਨ ਪਹਿਲੇ 19 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਪ੍ਰਭਾਵਿਤ ਮਿਲੇ ਸਨ। ਜਰਮਨੀ ਵਿਚ ਵੀ ਨਵੇਂ ਮਾਮਲਿਆਂ ਵਿਚ ਉਛਾਲ ਆ ਰਿਹਾ ਹੈ। ਇਸ ਦੇਸ਼ ਦੇ ਆਰਥਿਕ ਮਾਮਲਿਆਂ ਦੇ ਮੰਤਰੀ ਪੀਟਰ ਅਲਟਮਾਇਰ ਨੇ ਖ਼ਦਸ਼ਾ ਪ੍ਰਗਟ ਕੀਤਾ ਹੈ ਕਿ ਇਸ ਹਫ਼ਤੇ ਦੇ ਅਖੀਰ ਤਕ ਰੋਜ਼ਾਨਾ ਦੇ ਨਵੇਂ ਮਾਮਲਿਆਂ ਦੀ ਗਿਣਤੀ 20 ਹਜ਼ਾਰ ਤਕ ਪੁੱਜ ਸਕਦੀ ਹੈ।

ਰੂਸ 'ਚ ਲਾਜ਼ਮੀ ਕੀਤਾ ਗਿਆ ਮਾਸਕ

ਰੂਸ ਵਿਚ ਕੋਰੋਨਾ ਇਨਫੈਕਸ਼ਨ ਦੀ ਰੋਕਥਾਮ ਦੇ ਯਤਨ ਵਿਚ ਦੇਸ਼ ਭਰ ਵਿਚ ਜਨਤਕ ਸਥਾਨਾਂ 'ਤੇ ਲੋਕਾਂ ਨੂੰ ਮਾਸਕ ਪਾਉਣ ਦਾ ਆਦੇਸ਼ ਦਿੱਤਾ ਗਿਆ ਹੈ। ਅਧਿਕਾਰੀਆਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਉਹ ਸਥਾਨਕ ਪੱਧਰ 'ਤੇ ਰਾਤ ਦੇ ਸਮੇਂ ਬਾਰ ਅਤੇ ਰੈਸਤਰਾਂ ਨੂੰ ਬੰਦ ਰੱਖਣ ਦੇ ਬਾਰੇ ਵਿਚ ਵਿਚਾਰ ਕਰਨ। ਉਧਰ, ਕੋਰੋਨਾ ਰਿਸਪਾਂਸ ਸੈਂਟਰ ਨੇ ਮੰਗਲਵਾਰ ਨੂੰ ਦੱਸਿਆ ਕਿ ਦੇਸ਼ ਵਿਚ ਬੀਤੇ 24 ਘੰਟਿਆਂ ਦੌਰਾਨ 16 ਹਜ਼ਾਰ 550 ਨਵੇਂ ਮਾਮਲੇ ਮਿਲੇ ਹਨ। ਇਸ ਨਾਲ ਕੋਰੋਨਾ ਰੋਗੀਆਂ ਦਾ ਅੰਕੜਾ ਵੱਧ ਕੇ 15 ਲੱਖ 47 ਹਜ਼ਾਰ ਤੋਂ ਜ਼ਿਆਦਾ ਹੋ ਗਿਆ ਹੈ।

ਅਮਰੀਕਾ 'ਚ ਮਿਲੇ 70 ਹਜ਼ਾਰ ਨਵੇਂ ਮਾਮਲੇ

ਅਮਰੀਕਾ ਵਿਚ ਬੀਤੇ 24 ਘੰਟਿਆਂ ਦੌਰਾਨ ਕਰੀਬ 70 ਹਜ਼ਾਰ ਨਵੇਂ ਮਾਮਲੇ ਮਿਲੇ ਹਨ। ਇਸ ਨਾਲ ਕੋਰੋਨਾ ਰੋਗੀਆਂ ਦਾ ਅੰਕੜਾ 89 ਲੱਖ ਤੋਂ ਜ਼ਿਆਦਾ ਹੋ ਗਿਆ ਹੈ। ਦੇਸ਼ ਭਰ ਵਿਚ ਕੁਲ ਦੋ ਲੱਖ 31 ਹਜ਼ਾਰ ਤੋਂ ਜ਼ਿਆਦਾ ਪੀੜਤਾਂ ਦੀ ਮੌਤ ਹੋਈ ਹੈ। ਦੂਜੇ ਦੌਰ ਦੀ ਕੋਰੋਨਾ ਮਹਾਮਾਰੀ ਦੀ ਲਪੇਟ ਵਿਚ ਆਏ ਅਮਰੀਕਾ ਵਿਚ ਇਸ ਮਹੀਨੇ ਨਵੇਂ ਮਾਮਲਿਆਂ ਵਿਚ ਰਿਕਾਰਡ ਵਾਧਾ ਦੇਖਿਆ ਜਾ ਰਿਹਾ ਹੈ।

ਈਰਾਨ : ਇਸ ਪੱਛਮੀ ਏਸ਼ਿਆਈ ਦੇਸ਼ ਵਿਚ 6,968 ਨਵੇਂ ਮਾਮਲੇ ਮਿਲਣ ਨਾਲ ਕੋਰੋਨਾ ਪੀੜਤਾਂ ਦਾ ਅੰਕੜਾ ਪੰਜ ਲੱਖ 81 ਹਜ਼ਾਰ 824 ਹੋ ਗਿਆ। ਕੁਲ 33 ਹਜ਼ਾਰ ਤੋਂ ਜ਼ਿਆਦਾ ਦੀ ਮੌਤ ਹੋਈ ਹੈ।

ਨੇਪਾਲ : ਬੀਤੇ 24 ਘੰਟਿਆਂ ਵਿਚ 570 ਨਵੇਂ ਕੋਰੋਨਾ ਰੋਗੀ ਮਿਲਣ ਨਾਲ ਕੁਲ ਮਾਮਲੇ ਵੱਧ ਕੇ ਇਕ ਲੱਖ 60 ਹਜ਼ਾਰ ਤੋਂ ਵੱਧ ਹੋ ਗਏ ਹਨ। ਇੱਥੇ ਹੁਣ ਤਕ 876 ਪੀੜਤਾਂ ਦੀ ਜਾਨ ਗਈ ਹੈ।

ਸਿੰਗਾਪੁਰ : ਇਸ ਦੇਸ਼ ਵਿਚ ਨਵੇਂ ਮਾਮਲਿਆਂ 'ਚ ਕਮੀ ਦਾ ਦੌਰ ਜਾਰੀ ਹੈ। ਬੀਤੇ 24 ਘੰਟਿਆਂ ਦੌਰਾਨ ਸਿਰਫ਼ ਸੱਤ ਨਵੇਂ ਮਾਮਲੇ ਮਿਲੇ ਹਨ। ਇਸ ਵਿੱਚੋਂ ਛੇ ਕੋਰੋਨਾ ਪ੍ਰਭਾਵਿਤ ਦੂਜੇ ਦੇਸ਼ ਤੋਂ ਆਏ ਦੱਸੇ ਜਾ ਰਹੇ ਹਨ।

ਚੀਨ : ਸ਼ਿਨਜਿਆਂਗ ਸੂਬੇ ਦੇ ਕਾਸ਼ਗਰ ਇਲਾਕੇ ਵਿਚ ਰਹਿਣ ਵਾਲੇ ਕਰੀਬ 47 ਲੱਖ ਲੋਕਾਂ ਦੀ ਜਾਂਚ ਕੀਤੀ ਗਈ। ਇਨ੍ਹਾਂ ਵਿੱਚੋਂ 183 ਲੋਕ ਕੋਰੋਨਾ ਪਾਜ਼ੇਟਿਵ ਮਿਲੇ ਹਨ।