ਮਿਲਾਨ ਇਟਲੀ,ਦਲਜੀਤ ਮੱਕੜ : ਵਿਸ਼ਵ ਪੱਧਰ ‘ਤੇ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵੱਖ–ਵੱਖ ਦੇਸ਼ਾਂ ਵਿਚ ਵਾਸੀਆਂ ਸਿੱਖ ਸੰਗਤਾਂ ਲਗਾਤਾਰ ਆਪਣਾ ਯੋਗਦਾਨ ਪਾਉਂਦੀਆਂ ਆ ਰਹੀਆਂ ਹਨ। ਜਿਨਾਂ ਵਿਚ ਗੁਰੂਦੁਆਰਾ ਸਾਹਿਬ ਸਿੰਘ ਸਭਾ ਫਲੇਰੋ ਬਰੇਸ਼ੀਆਂ ਦੁਆਰਾ ਇਟਲੀ ਵਸਦੇ ਸਿੱਖ ਭਾਈਚਾਰੇ ਦੇ ਸਹਿਯੋਗ ਨਾਲ 16 ਅਪ੍ਰੈਲ ਨੂੰ ਵਿਸ਼ਾਲ ਨਗਰ ਕੀਰਤਨ ਸਜਾ ਕੇ ਇਟਲੀ ਨੂੰ ਖਾਲਸਾਈ ਰੰਗ ਵਿਚ ਰੰਗਣ ਦੀ ਤਿਆਰੀ ਆਰੰਭੀ ਗਈ ਹੈ। ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਪਿਛਲੇ ਕਾਫੀ ਸਾਲਾਂ ਤੋਂ ਹਰ ਸਾਲ ਸਜਾਇਆ ਜਾਂਦਾ ਇਹ ਨਗਰ ਕੀਰਤਨ ਯੂਰਪ ਵਿੱਚ ਸਿੱਖਾਂ ਦਾ ਸਭ ਤੋਂ ਵੱਡਾ ਇਕੱਠ ਵੀ ਮੰਨਿਆ ਜਾਂਦਾ ਹੈ, ਯੂਰਪ ਭਰ ਤੋਂ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਸ਼ਾਮਲ ਹੋ ਕੇ ਨਗਰ ਕੀਰਤਨ ਦੀ ਰੌਣਕ ਵਧਾਉਂਦੀਆਂ ਹਨ, ਗੁਰਦੁਆਰਾ ਸਿੰਘ ਸਭਾ ਫਲੈਰੋ ਤੋਂ ਅਰਦਾਸ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆ ਦੀ ਅਗਵਾਈ ਹੇਠ ਨਗਰ ਕੀਰਤਨ ਵੀਆ ਕੋਰਸੀਕਾ ਤੋਂ ਆਰੰਭ ਹੋਵੇਗਾ। ਜਿਥੇ ਹਜਾਰਾਂ ਦੀ ਤਾਦਾਦ ਵਿਚ ਸੰਗਤਾਂ ਪੂਰੇ ਜਾਹੋ ਜਲਾਲ ਨਾਲ ਬਰੇਸ਼ੀਆ ਸ਼ਹਿਰ ਦੀ ਪ੍ਰਕਰਮਾ ਕਰਦੇ ਹੋਏ ਸਤਿਨਾਮ ਵਾਹਿਗੁਰੂ ਦਾ ਜਾਪ ਕਰਨਗੀਆਂ , ਇਸ ਨਗਰ ਕੀਰਤਨ ਵਿਚ ਵੱਖ ਵੱਖ ਰਾਗੀ ਢਾਡੀ ਤੇ ਹੋਰ ਜਥੇ ਕੀਰਤਨ ਅਤੇ ਢਾਡੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ, ਸਮਾਪਤੀ ਤੇ ਹੈਲੀਕਾਪਟਰ ਦੁਆਰਾ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ ਜਿਸ ਦਾ ਨਜਾਰਾ ਵੇਖਣਯੋਗ ਹੁੰਦਾ ਹੈ, ਇਸ ਮੌਕੇ ਸੰਗਤਾਂ ਲਈ ਲੰਗਰ ਭੰਡਾਰੇ ਅਤੁੱਟ ਵਰਤਾਏ ਜਾਣਗੇ। ਇੱਥੇ ਇਹ ਵੀ ਗੱਲ ਦੱਸਣਯੋਗ ਹੈ ਕਿ ਇਟਲੀ ਵਿੱਚ ਕੋਰੋਨਾ ਵਾਇਰਸ ਕਾਰਨ ਲੱਗੀਆਂ ਪਾਬੰਦੀਆਂ ਕਾਰਨ ਨਗਰ ਕੀਰਤਨ ਨਹੀਂ ਸਜਾਏ ਜਾ ਸਕੇ ਸਨ, ਕੋਰੋਨਾ ਵਾਇਰਸ ਦੇ ਕੇਸਾਂ ਵਿੱਚ ਕਮੀ ਆਉਣ ਤੋਂ ਬਾਅਦ ਇਟਲੀ ਵਿੱਚ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਜੋਰਾ ਤੇ ਹੈ, ਵੱਖ ਵੱਖ ਗੁਰੂਦੁਆਰਾ ਸਹਿਬ ਦੀਆਂ ਪ੍ਰਬੰਧਕ ਕਮੇਟੀਆਂ ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸਜਾ ਰਹੀਆਂ ਹਨ, ਇਸ ਤੋਂ ਪਹਿਲਾਂ ਇਟਲੀ ਦੀ ਧਰਤੀ ‘ ਬੋਰਗੋ ਸੰਨ ਯਾਕਮੋ ਦੇ ਗੁਰੂਦੁਆਰਾ ਸਾਹਿਬ ਵਿਖੇ ਸੁੰਦਰ ਦਸਤਾਰ ਅਤੇ ਦੁਮਾਲਾ ਮੁਕਾਬਲਿਆਂ ਵਿੱਚ ਨੌਜਵਾਨਾਂ ਨੇ ਬਹੁਤ ਉਤਸ਼ਾਹ ਦਿਖਾਇਆਂ ਸੀ ਅਤੇ ਕੋਰਤੇਨੋਵਾ ਦੇ ਗੁਰੂਦੁਆਰਾ ਸਾਹਿਬ ਵਿਖੇ ਹੋਲੇ ਮਹੱਲੇ ਦੇ ਸਮਾਗਮ ਮੌਕੇ ਸਿੱਖ ਸੰਗਤਾਂ ਦੇ ਵੱਡਾ ਇਕੱਠ ਤੋਂ ਬਾਅਦ ਬਰੇਸ਼ੀਆਂ ਵਿਖੇ ਨਗਰ ਕੀਰਤਨ ਸਿੱਖ ਸੰਗਤਾਂ ਦਾ ਵੱਡਾ ਉੱਦਮ ਹੋਵੇਗਾ ਜਿਸ ਨਾਲ ਇਟਲੀ ਵਿੱਚ ਸਿੱਖੀ ਦਾ ਬੂਟਾ ਹੋਰ ਪ੍ਰਫੁੱਲਿਤ ਹੋਵੇਗਾ।

Posted By: Tejinder Thind