ਦਲਜੀਤ ਮੱਕੜ, ਮਿਲਾਨ (ਇਟਲੀ) : ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਨਾਮ ਦੀ ਮਹਾਂਮਾਰੀ ਫੈਲੀ ਹੋਈ ਨੂੰ ਲਗਪਗ 2 ਸਾਲ ਦਾ ਸਮਾਂ ਹੋ ਚੱਲਿਆ ਹੈ ਪਰ ਇਸ ਦਾ ਪ੍ਰਭਾਵ ਹੁਣ ਮੌਜੂਦਾ ਸਮੇਂ ਵਿੱਚ ਵੀ ਤੀਜ਼ੇ ਦੌਰ ਵਿੱਚ ਸ਼ੁਰੂ ਹੋ ਰਿਹਾ ਹੈ ਜਿਸ ਕਰਕੇ ਪੂਰੀ ਦੁਨੀਆ ਵਿੱਚ ਇੱਕ ਵਾਰ ਫਿਰ ਤੋਂ ਹਲਚੱਲ ਮੱਚ ਗਈ ਹੈ। ਜਿਸ ਦਿਨ ਤੋਂ ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮੀਕ੍ਰੋਨ ਨੇ ਦੁਨੀਆ ਦੇ ਕੁਝ ਦੇਸ਼ਾਂ ਵਿੱਚ ਦਸਤਕ ਦਿੱਤੀ ਹੈ ਉਸ ਸਮੇ ਤੋਂ ਹੀ ਪੂਰੀ ਦੁਨੀਆ ਦੇ ਦੇਸ਼ਾਂ ਦੀਆਂ ਸਰਕਾਰਾਂ ਵਲੋਂ ਆਪੋ ਆਪਣੇ ਦੇਸ਼ਾਂ ਨੂੰ ਬਚਾਉਣ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਜੇਕਰ ਗੱਲ ਇਟਲੀ ਦੀ ਕਰੀਏ ਤਾਂ ਇਟਲੀ ਸਰਕਾਰ ਵਲੋਂ ਆਏ ਦਿਨ ਵਧ ਰਹੇ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਨੂੰ ਦੇਖਦੇ ਹੋਏ ਨਵੇਂ ਨਿਯਮਾਂ ਨੂੰ ਲਾਗੂ ਕਰ ਦਿੱਤਾ ਹੈ।

ਇਟਲੀ ਦੇ ਸਿਹਤ ਮੰਤਰੀ ਰੋਬੈਂਰਤੋ ਸੰਪਰੈਂਜਾ ਵਲੋਂ ਬੀਤੇ ਦਿਨ ਨਵੇਂ ਆਦੇਸ਼ ਜਾਰੀ ਕਰਦਿਆਂ 31 ਜਨਵਰੀ 2022 ਤੱਕ ਦੇਸ਼ ਵਿੱਚ ਡਿਸਕੋ ਕਲੱਬਾਂ ਅਤੇ ਪੱਬਾਂ ਨੂੰ ਅਗਲੇ ਆਦੇਸ਼ਾਂ ਤੱਕ ਬੰਦ ਰੱਖਣ ਦਾ ਹੁਕਮ ਦਿੱਤਾ ਹੈ ਅਤੇ ਜ਼ਿਆਦਾ ਭੀੜ ਵਾਲੀਆਂ ਥਾਵਾਂ,ਲੋਕਲ ਅਤੇ ਲੰਮੇ ਸਫ਼ਰ ਵਾਲੇ ਪਬਲਿਕ ਟਰਾਂਸਪੋਰਟਰਾਂ, ਸਿਨੇਮਾ ਘਰਾਂ,ਅਜਾਇਬ ਘਰ,ਜਿੰਮ ਕਲੱਬ , ਥੀਏਟਰ,ਖੇਡ ਸਟੇਡੀਅਮ ਆਦਿ ਵਿਖੇ ਦਾਖ਼ਲ ਹੋਣ ਸਮੇਂ ਐਫ,ਐਫ,ਪੀ,2 ਮਾਸਕ ਪਹਿਨਣਾ ਅਤਿ ਜਰੂਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਵਧ ਰਹੇ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਨੂੰ ਦੇਖਦਿਆਂ ਹੋਇਆਂ ਅਤੇ ਤਿਉਹਾਰਾਂ ਦੇ ਮੱਦੇਨਜ਼ਰ ਸਾਨੂੰ ਇਹ ਫ਼ੈਸਲਾ ਸੋਚ ਸਮਝ ਕੇ ਜਲਦੀ ਵਿੱਚ ਲੈਣਾ ਪਿਆ, ਦੂਜੇ ਪਾਸੇ ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਨੇ ਐਂਟੀ ਕੋਵਿਡ ਵੈਕਸੀਨ ਦੀਆਂ ਦੋ ਖੁਰਾਕਾਂ ਲੈਣ ਲਈਆਂ ਸਨ ਅਤੇ ਉਨ੍ਹਾਂ ਦੀ ਦਿੱਤੀ ਗਈ ਮੁਨਿਆਦ ਖਤਮ ਹੋ ਗਈ ਹੈ ਜਾਂ ਖਤਮ ਹੋ ਰਹੀ ਹੈ। ਉਨ੍ਹਾਂ ਨੂੰ ਐਂਟੀ ਕੋਵਿਡ ਵੈਕਸੀਨ ਦੀ ਤੀਜੀ ਖੁਰਾਕ ਲੈਣ ਲਈ ਜੋਰ ਦਿੱਤਾ ਹੈ ਤਾਂ ਜ਼ੋ ਸਮਾਂ ਰਹਿੰਦਿਆਂ ਹੀ ਇਸ ਮਹਾਂਮਾਰੀ ਤੋਂ ਬਚਿਆ ਜਾ ਸਕੇ ਅਤੇ ਇਟਲੀ ਵਿੱਚ ਬਾਹਰ ਤੋ ਦਾਖਲ ਹੋਣ ਵਾਲੇ ਯਾਤਰੀਆਂ ਦੇ ਹਵਾਈ ਅੱਡਿਆਂ, ਬੰਦਰਗਾਹਾਂ ਤੇ ਕੋਵਿਡ ਟੈਸਟ ਕੀਤੇ ਜਾਣਗੇ ਸਕਾਰਾਤਮਕਤਾ ਹੋਣ ਦੇ ਮਾਮਲੇ ਵਿੱਚ ਕੋਵਿਡ ਹੋਟਲਾਂ ਵਿੱਚ 10 ਦਿਨਾਂ ਲਈ ਆਈਸੋਲੇਸ਼ਨ ਵਿੱਚ ਜਾਣਾ ਪਵੇਗਾ।

ਇਟਲੀ ਸਰਕਾਰ ਵਲੋ ਗਰੀਨ ਪਾਸ ਦੀ ਮਿਆਦ ਨੂੰ 9 ਮਹੀਨਿਆਂ ਤੋ ਘਟਾ ਕੇ 6 ਮਹੀਨੇ ਕਰ ਦਿੱਤਾ ਹੈ ਅਤੇ ਐਂਟੀ ਕੋਵਿਡ ਵੈਕਸੀਨ ਦੀ ਤੀਸਰੀ ਖੁਰਾਕ ਘੱਟੋ ਘੱਟ 4 ਮਹੀਨਿਆਂ ਦੇ ਅੰਦਰ ਅੰਦਰ ਹਰ ਇੱਕ ਨੂੰ ਲਗਵਾਉਣ ਲਈ ਲਾਜਮੀ ਕੀਤਾ ਗਿਆ ਹੈ,ਤਾਂ ਜ਼ੋ ਇਸ ਲਾਗ ਤੋਂ ਬਚਿਆ ਜਾ ਸਕੇ। ਦੱਸਣਯੋਗ ਹੈ ਕਿ ਇਟਲੀ ਸਰਕਾਰ ਹਰ ਪਹਿਲੂ ਤੋਂ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀਂ ਹੈ ਪਰ ਇਸ ਦੇ ਬਾਵਜੂਦ ਵੀ ਕਈ ਲੋਕਾਂ ਵਲੋਂ ਨੋ ਗ੍ਰੀਨ ਪਾਸ,ਨੋ ਵੈਕਸ ਦਾ ਨਾਅਰਾ ਲਗਾ ਕੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ,ਪਰ ਦੂਜੇ ਪਾਸੇ ਇਟਲੀ ਸਰਕਾਰ ਵੀ ਆਏ ਦਿਨ ਕੋਰੋਨਾ ਵਾਇਰਸ ਦੇ ਸੰਬੰਧ ਵਿੱਚ ਨਵੇਂ ਨਿਯਮਾਂ ਨੂੰ ਤਜਵੀਜ਼ ਦੇ ਰਹੀਂ ਹੈ।

Posted By: Seema Anand