ਦਲਜੀਤ ਮੱਕੜ, ਮਿਲਾਨ (ਇਟਲੀ) : ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਕਸਤਲਗੋਂਬੈਰਤੋ (ਵਿਚੈਂਸਾ) ਵੱਲੋਂ ਕਸਤਲਗੋਂਬੈਰਤੋ ਵਿਖੇ ਵਿਸ਼ਾਲ ਨਗਰ ਕੀਰਤਨ ਖਾਲਸਾਈ ਸ਼ਾਨੋ-ਸ਼ੌਕਤ ਤੇ ਜਾਹੋ ਜਲਾਲ ਨਾਲ ਸਜਾਇਆ ਗਿਆ ।ਇਸ ਮੌਕੇ ਤੇ ਸਿੱਖ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਵੇਖਿਆ ਹੀ ਬਣਦਾ ਸੀ। ਇਟਲੀ ਦੇ ਵੱਖ-ਵੱਖ ਹਿੱਸਿਆਂ ਤੋਂ ਪੁੱਜੀ ਸੰਗਤ ਦੇ ਚਿਹਰੇ 'ਤੇ ਚੜ੍ਹੇ ਨੂਰ ਤੋਂ ਖਾਲਸੇ ਦੀ ਚੜ੍ਹਦੀ ਕਲਾ ਦੀ ਦਿੱਖ ਆਪ ਮੁਹਾਰੇ ਨਜ਼ਰੀਂ ਪੈ ਰਹੀ ਸੀ। ਇਹ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਹੇਠ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਕਸਤਲਗੋਂਬੈਰਤੋ (ਵਿਚੈਂਸਾ) ਤੋਂ ਅਰਦਾਸ ਉਪਰੰਤ ਪੰਜ ਪਿਆਰਿਆਂ ਅਤੇ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਹੇਠ ਬਹੁਤ ਹੀ ਸੁਚੱਜੇ ਢੰਗ ਨਾਲ਼ ਅਤੇ ਸਿੱਖੀ ਪਰੰਪਰਾਵਾਂ ਤਹਿਤ ਆਰੰਭ ਹੋਇਆ। ਸਾਰੇ ਰਸਤੇ ਸੰਗਤ ਵੱਲੋਂ ਸਤਿਨਾਮ ਵਾਹਿਗੁਰੂ ਦਾ ਜਾਪ ਤੇ ਬੋਲੇ ਸੋ ਨਿਹਾਲ ਦੇ ਜੈਕਾਰੇ ਲਗਾਏ ਗਏ।

ਵੱਖ-ਵੱਖ ਗੁਰੂਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਤੇ ਵੱਖ-ਵੱਖ ਸੰਸਥਾਵਾਂ ਤੇ ਸੰਗਤਾਂ ਦੇ ਸਹਿਯੋਗ ਨਾਲ ਕਈ ਤਰ੍ਹਾਂ ਦੇ ਲੰਗਰ ਲਗਾਏ ਗਏ। ਇਸ ਵਿਸ਼ਾਲ ਨਗਰ ਕੀਰਤਨ 'ਚ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਗੱਤਕਾ ਅਕੈਡਮੀ ਬਨਿਅੋਲੋ ਮੇਲਾ ਦੇ ਸਿੰਘਾਂ ਵੱਲੋਂ ਗੱਤਕੇ ਦੇ ਜੌਹਰ ਵਿਖਾਏ ਗਏ। ਸ਼ਾਮ ਨੂੰ ਸਮਾਪਤੀ ਤੇ ਪੰਡਾਲ ਸਜਾਇਆ ਗਿਆ ਜਿੱਥੇ ਭਾਈ ਤਰਲੋਚਨ ਸਿੰਘ ਭੁਮੱਦੀ ਵਾਲਿਆਂ ਦੇ ਢਾਡੀ ਜੱਥੇ ਨੇ ਸੰਗਤਾਂ ਨੂੰ ਇਤਿਹਾਸਕ ਵਾਰਾਂ ਨਾਲ ਨਿਹਾਲ ਕੀਤਾ। ਇਸ ਮੌਕੇ ਗੁਰਦਆਰਾ ਪ੍ਰਬੰਧਕ ਕਮੇਟੀ ਕਸਤਲਗੋਂਬੈਰਤੋ ਵੱਲੋਂ ਕਸਤਲਗੋਂਬੈਰਤੋੋ ਦੇ ਪ੍ਰਸ਼ਾਸਨਿਕ ਅਧਿਕਾਰੀ ਤੇ ਵੱਖ-ਵੱਖ ਗੁਰੂਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ, ਇਲਾਕੇ ਦੀ ਸੰਗਤਾਂ ਤੇ ਸੇਵਾਦਾਰਾਂ ਦਾ ਸਨਮਾਨ ਕੀਤਾ ਗਿਆ। ਅੰਤ ਵਿੱਚ ਗੁਰਦਆਰਾ ਸਿੰਘ ਸਭਾ ਕਸਤਲਗੋਂਬੈਰਤੋ ਦੇ ਪ੍ਰਬੰਧਕਾਂ ਵੱਲੋਂ ਵੱਲੋਂ ਸਮੁੱਚੀ ਸੰਗਤ ਦਾ ਧੰਨਵਾਦ ਕੀਤਾ।

Posted By: Seema Anand