ਮਿਲਾਨ( ਇਟਲੀ) 25 ਅਪ੍ਰੈਲ (ਦਲਜੀਤ ਮੱਕੜ) : ਖਾਲਸੇ ਦੇ ਸਾਜਨਾ ਦਿਵਸ (ਵਿਸਾਖੀ) ਨੂੰ ਸਮਰਪਿਤ ਇਟਲੀ ਵਿੱਚ ਵੱਖ ਵੱਖ ਸ਼ਹਿਰਾਂ ਵਿੱਚ ਗੁਰੂਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਏ ਜਾ ਰਹੇ ਹਨ। ਇਸੇ ਲੜੀ ਤਹਿਤ ਬੀਤੇ ਦਿਨੀ ਗੁਰਦੁਆਰਾ ਸਾਹਿਬ ਸਿੰਘ ਸਭਾ ਨੋਵੇਲਾਰਾ (ਰਿਜੋ ਇਮੀਲੀਆਂ) ਵੱਲੋਂ ਨੋਵਾਲਾਰਾ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਹ ਵਿਸ਼ਾਲ ਨਗਰ ਕੀਰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਦੇ ਹੇਠ ਗੁਰੂਦੁਆਰਾ ਸਿੰਘ ਸਭਾ ਨੋਵਾਲਾਰਾ ਤੋਂ ਅਰਦਾਸ ਉਪਰੰਤ ਪੰਜ ਪਿਆਰਿਆਂ ਅਤੇ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਦੇ ਵਿੱਚ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਅਤੇ ਸਿੱਖੀ ਪਰੰਪਰਾਵਾਂ ਤਹਿਤ ਆਰੰਭ ਹੋਇਆ । ਨਗਰ ਕੀਰਤਨ ਦੀ ਆਰੰਭਤਾ ਤੋਂ ਪਹਿਲਾਂ ਗੁਰੂਦੁਆਰਾ ਸਾਹਿਬ ਵਿਖੇ ਧਾਰਮਿਕ ਦੀਵਾਨ ਸਜਾਏ ਗਏ। ਸਾਰੇ ਰਸਤੇ ਵਿਚ ਸੰਗਤਾਂ ਦੁਆਰਾ ਸਤਿਨਾਮ ਵਾਹਿਗੁਰੂ ਦਾ ਜਾਪ ਕੀਤਾ ਗਿਆ ਅਤੇ ਬੋਲੇ ਸੋ ਨਿਹਾਲ ਦੇ ਜੈਕਾਰੇ ਲਗਾਏ ਗਏ। ਜਗਾਂ ਜਗਾਂ ਤੇ ਸੰਗਤ ਵੱਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਸੰਗਤਾਂ ਦੁਆਰਾ ਨਗਰ ਕੀਰਤਨ ਦੇ ਰਾਸਤੇ ਚ ਫੁੱਲ ਵਿਛਾਏ ਗਏ। ਨਗਰ ਕੀਰਤਨ ਦੌਰਾਨ ਵਿਦੇਸ਼ੀ ਮੂਲ ਦੇ ਲੋਕ ਵੀ ਸਿੱਖੀ ਸਿਧਾਤਾਂ ਤੋਂ ਪ੍ਰਭਾਵਿਤ ਹੋ ਰਹੇ ਸਨ ਅਤੇ ਉਹ ਨਗਰ ਕੀਰਤਨ ਦੀਆਂ ਫੋਟੋਆਂ ਖਿੱਚ ਰਹੇ ਸਨ। ਵੱਖ ਵੱਖ ਗੁਰੂਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਵੱਖ ਵੱਖ ਸੰਸਥਾਵਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਕਈ ਤਰਾਂ ਦੇ ਲੰਗਰ ਲਗਾਏ ਗਏ। ਜਿਸ ਦੀ ਸੇਵਾ ਇਲਾਕੇ ਦੀ ਸੰਗਤ ਵੱਲੋੰ ਬੜੇ ਹੀ ਸੁਚੱਜੇ ਢੰਗ ਨਾਲ ਕੀਤੀ ਗਈ। ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਸਜਾਏ ਜਾਂਦੇ ਇਸ ਨਗਰ ਕੀਰਤਨ ਵਿੱਚ ਵੱਡੀ ਗਿਣਤੀ ਵਿਚ ਸੰਗਤਾਂ ਪਹੁੰਚੀਆਂ। ਇਸ ਵਿਸ਼ਾਲ ਨਗਰ ਕੀਰਤਨ ਵਿੱਚ ਵੱਖ ਵੱਖ ਗੱਤਕਾ ਅਕਾਦਮੀਆਂ ਵੱਲੋਂ ਗੱਤਕੇ ਦੇ ਜੌਹਰ ਵਿਖਾਏ ਗਏ। ਸ਼ਾਮ ਨੂੰ ਨੋਵੇਲਾਰਾ ਸ਼ਹਿਰ ਦੇ ਵੱਖ ਵੱਖ ਰਸਤਿਆਂ ਤੋਂ ਹੁੰਦਾ ਹੋਇਆਂ ਨਗਰ ਕੀਰਤਨ ਗੁਰੂਦੁਆਰਾ ਸਾਹਿਬ ਸੰਪੰਨ ਹੋਇਆ।ਜਿੱਥੇ ਪ੍ਰਬੰਧਕ ਕਮੇਟੀ ਵੱਲੋਂ ਸਟੇਜ ਸਜਾਈ ਗਈ। ਇਸ ਵਿਸ਼ਾਲ ਨਗਰ ਕੀਰਤਨ ਵਿੱਚ ਇਟਲੀ ਦੇ ਸ਼ਹਿਰ ਨੋਵਾਲਾਰਾ ਦੇ ਪ੍ਰਸ਼ਾਸ਼ਨ ਤੋਂ ਇਲਾਵਾ ਹੋਰ ਵੀ ਪ੍ਰਸ਼ਾਸ਼ਨਿਕ ਅਧਿਕਾਰੀ ਪੁੱਜੇ ਸਨ।ਜਿਹਨਾਂ ਨੂੰ ਸਨਮਾਨ ਚਿੰਨ ਵੀ ਦਿੱਤੇ ਗਏ। ਇਹਨਾਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਵੀ ਆਪਣੇ ਭਾਸ਼ਣ ਦੌਰਾਨ ਸਿੱਖ ਧਰਮ ਅਤੇ ਸਿੱਖੀ ਸਿਧਾਤਾਂ ਦੀ ਪ੍ਰਸੰਸਾ ਕੀਤੀ। ਇਸ ਨਗਰ ਕੀਰਤਨ ਮੌਕੇ ਗੁਰਦਆਰਾ ਪ੍ਰਬੰਧਕ ਕਮੇਟੀ ਨੋਵਾਲਾਰਾ ਵਲੋਂ ਵੱਖ ਵੱਖ ਗੁਰੂਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ, ਇਲਾਕੇ ਦੀ ਸੰਗਤਾਂ ਅਤੇ ਸੇਵਾਦਾਰਾਂ ਦਾ ਸਨਮਾਨ ਕੀਤਾ ਗਿਆ। ਅੰਤ ਵਿੱਚ ਗੁਰਦਆਰਾ ਸਿੰਘ ਸਭਾ ਨੋਵਾਲਾਰਾ ਦੇ ਪ੍ਰਬੰਧਕਾਂ ਵੱਲੋਂ ਵੱਲੋਂ ਸਮੁੱਚੀ ਸੰਗਤ ਦਾ ਧੰਨਵਾਦ ਕੀਤਾ।

Posted By: Neha Diwan