ਨਿਊਯਾਰਕ : ਜਰਮਨੀ ਦੇ ਉੱਤਰੀ ਸਮੁੰਦਰ ਤੱਟ ਤੋਂ ਫਰੈਂਚ ਰਿਵੀਏਰਾ ਤੱਕ ਪੂਰੇ ਯੂਰਪ ’ਚ ਰੂਸੀ ਵਲਾਦੀਮੀਰ ਪੁਤਿਨ ਦੇ ਕਰੀਬ ਧਨਕੁਬੇਰਾਂ ਦੀਆਂ ਲਗਜ਼ਰੀ ਕਿਸ਼ਤੀਆਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਕੰਮ ’ਚ ਇਟਲੀ ਦੇ ਟਸਕਨ ਤੱਟ ’ਤੇ ਇਕ ਛੋਟੇ ਜਿਹੇ ਕਸਬੇ ਮੈਰੀਨਾ ਡਿ ਕੈਰਾਰਾ ’ਚ ਵਿਸ਼ਵ ਦੀ ਸਭ ਤੋਂ ਵੱਡੀ, ਮਹਿੰਗੀ ਤੇ ਅੱਤ ਆਧੁਨਿਕ ਸਹੂਲਤਾਂ ਨਾਲ ਲੈਸ ਸੁਪਰਯਾਟ (ਵੱਡੀ ਲਗਜ਼ਰੀ ਕਿਸ਼ਤੀ) ਦੇਖੀ ਗਈ ਹੈ। ਇਸ ਦਾ ਨਾਂ ਸ਼ੇਹਰਾਜ਼ੈਡ ਹੈ ਤੇ ਇਟਲੀ ਦੀ ਪੁਲਿਸ ਇਸ ਦੀ ਪਡ਼ਤਾਲ ਕਰ ਰਹੀ ਹੈ। ਇਸ ਸੁਪਰਯਾਟ ਦੀ ਵਿਸ਼ਾਲਤਾ ਦਾ ਅੰਦਾਜ਼ਾ ਇਸੇ ਤੋਂ ਲਗਾਇਆ ਜਾ ਸਕਦਾ ਹੈ ਕਿ ਇਹ ਅਮਰੀਕਾ ਦੇ ਐਂਟੀ ਮਿਜ਼ਾਈਲ ਬੇਡ਼ੇ ਦੇ ਬਰਾਬਰ ਹੈ। ਇਸ ਦੀ ਲੰਬਾਈ 459 ਫੁੱਟ ਹੈ।

ਹੈਲੀਕਾਪਟਰ ਡੈੱਕ ਤੇ ਬਾਥਰੂਮ ’ਚ ਸੋਨੇ ਦੀ ਪਰਤ

ਸੁਪਰਯਾਟ ਵੈਬਸਾਈਟ ਮੁਤਾਬਕ, ਇਸ ਯਾਟ ਦੀ ਕੀਮਤ ਕਰੀਬ 700 ਮਿਲੀਅਨ ਡਾਲਰ ਯਾਨੀ ਕਰੀਬ 54 ਅਰਬ ਰੁਪਏ ਹੈ। ਇਸ ’ਚ ਦੋ ਹੈਲੀਕਾਪਟਰ ਡੈਕ ਹਨ ਤੇ ਸੈਟੇਲਾਈਟ ਡੋਮ ਵੀ ਲੱਗੇ ਹਨ। ਯਾਟ ਦੇ ਸਾਬਕਾ ਮੁਲਾਜ਼ਮ ਵੱਲੋਂ ਸਾਂਝੀ ਕੀਤੀ ਗਈ ਫੋਟੋ ਤੋਂ ਪਤਾ ਲੱਗਦਾ ਹੈ ਕਿ ਇਸ ’ਚ ਇਕ ਸਵੀਮਿੰਗ ਪੂਲ ਹੈ ਜਿਸ ਦੀ ਛੱਤ ਬੰਦ ਕਰ ਕੇ ਉਸ ਨੂੰ ਡਾਂਸ ਫਲੋਰ ਬਣਾਇਆ ਜਾ ਸਕਦਾ ਹੈ। ਇਸ ’ਚ ਸਾਰੀਆਂ ਸਹੂਲਤਾਂ ਨਾਲ ਲੈਸ ਜਿਮ ਤੇ ਬਾਥਰੂਮਾਂ ’ਚ ਸੋਨੇ ਦੀ ਪਰਤ ਵਾਲੀ ਅਕਸੈਸਰੀ ਲੱਗੀ ਹੈ।

ਸਿਰਫ਼ ਇਸੇ ਦੇ ਮਾਲਿਕ ਦਾ ਪਤਾ ਨਹੀਂ

ਸੁਪਰਯਾਟ ਦੀ ਦੁਨੀਆ ’ਚ 140 ਮੀਟਰ ਜਾਂ 459 ਫੁੱਟ ਲੰਬੀਆਂ ਸਿਰਫ਼ 14 ਯਾਟ ਹਨ ਤੇ ਇਨ੍ਹਾਂ ’ਚੋਂ ਸ਼ੇਹਰਾਜ਼ੈੱਡ ਇਕਲੌਤੀ ਯਾਟ ਹੈ ਜਿਸਦੇ ਮਾਲਿਕ ਦੀ ਜਾਣਕਾਰੀ ਜਨਤਕ ਨਹੀਂ ਹੈ। ਇਸ ਕਾਰਨ ਸ਼ੱਕ ਕੀਤਾ ਜਾ ਰਿਹਾ ਹੈ ਕਿ ਇਸ ਦਾ ਮਾਲਿਕ ਮੱਧ ਪੂਰਬ ਦਾ ਕੋਈ ਅਰਬਪਤੀ ਹੈ ਜਾਂ ਫਿਰ ਪੁਤਿਨ ਦਾ ਕੋਈ ਕਰੀਬੀ ਧਨਾਢ। ਇਸ ਸੁਪਰ ਯਾਟ ਦੇ ਕੈਪਟਨ ਗਾਈ ਬੈਨੇਟ ਪਿਸਰਯ ਦਾ ਕਹਿਣਾ ਹੈ ਕਿ ਇਹ ਯਾਟ ਪੁਤਿਨ ਦੀ ਨਹੀਂ ਹੈ ਤੇ ਨਾ ਹੀ ਉਹ ਕਦੀ ਇਸ ’ਤੇ ਆਏ ਹਨ। ਬੇਨੇਟ ਬ੍ਰਿਟਿਸ਼ ਨਾਗਰਿਕ ਹਨ। ਮੈਂ ਉਨ੍ਹਾਂ ਨੂੰ ਨਹੀਂ ਦੇਖਿਆ ਤੇ ਨਾ ਹੀ ਮਿਲਿਆ ਹਾਂ। ਫੋਨ ’ਤੇ ਗੱਲਬਾਤ ’ਚ ਉਨ੍ਹਾਂ ਨੇ ਕਿਹਾ ਕਿ ਇਸ ਯਾਟ ਦਾ ਮਾਲਿਕ ਪਾਬੰਦੀਸ਼ੁਦਾ ਲੋਕਾਂ ਦੀ ਕਿਸੇ ਸੂਚੀ ’ਚ ਨਹੀਂ ਹੈ। ਹਾਲਾਂਕਿ ਉਨ੍ਹਾਂ ਨੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਕਿ ਇਸ ਦਾ ਮਾਲਿਕ ਰੂਸੀ ਵਿਅਕਤੀ ਹੋ ਸਕਦਾ ਹੈ, ਪਰ ਇਕ ਸਮਝੌਤੇ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।

ਸ਼ੁੱਕਰਵਾਰ ਤੋਂ ਜਾਰੀ ਹੈ ਜਾਂਚ

ਬੇਨੇਟ ਨੇ ਦੱਸਿਆ ਕਿ ਇਟਲੀ ਦੀ ਪੁਲਿਸ ਸ਼ੁੱਕਰਵਾਰ ਨੂੰ ਯਾਟ ’ਤੇ ਜਾਂਚ ਲਈ ਆਈ ਸੀ ਤੇ ਕੁਝ ਦਸਤਾਵੇਜ਼ਾਂ ਦੀ ਜਾਂਚ ਕੀਤੀ। ਇਹ ਸਥਾਨਕ ਪੱਧਰ ’ਤੇ ਪੁਲਿਸ ਮੁਲਾਜ਼ਮ ਨਹੀਂ ਹਨ। ਇਹ ਕਾਲੇ ਸੂਟ ਪਾ ਕੇ ਆਏ ਕਰਮੀ ਸਨ। ਇਕ ਵਿਅਕਤੀ ਨੇ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਇਟਲੀ ਪੁਲਿਸ ਦੀ ਆਰਥਿਕ ਸ਼ਾਖਾ ਨੇ ਯਾਟ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬੈਨੇਟ ਨੇ ਕਿਹਾ ਕਿ ਸੋਮਵਾਰ ਰਾਤ ਨੂੰ ਯਾਟ ਨਾਲ ਜੁਡ਼ੇ ਦਸਤਾਵੇਜ਼ ਸੌਂਪਣ ਤੋਂ ਇਲਾਵਾ ਉਨ੍ਹਾਂ ਕੋਲ ਕੋਈ ਚਾਰਾ ਨਹੀਂ ਸੀ। ਉਹ ਪੁਲਿਸ ਨੂੰ ਮਾਲਿਕ ਬਾਰੇ ਵੀ ਜਾਣਕਾਰੀ ਦੇਣਗੇ।

ਵਿਸ਼ਾਲ ਬੈਰੀਅਰ ਨਾਲ ਲੁਕਾਇਆ

ਇਸ ਸੁਪਰਯਾਟ ਬਾਰੇ ਸ਼ੱਕ ਇਸ ਲਈ ਡੂੰਘਾ ਹੈ ਕਿਉਂਕਿ ਇਸ ਦੇ ਆਲੇ ਦੁਆਲੇ ਸਖ਼ਤ ਸੁਰੱਖਿਆ ਵਿਵਸਥਾ ਕੀਤੀ ਗਈ ਸੀ। ਸਾਰੇ ਮੁਲਾਜਮਾਂ ਨਾਲ ਜਾਣਕਾਰੀ ਗੁਪਤ ਰੱਖਣ ਦੇ ਸਮਝੌਤੇ ਤੋਂ ਇਲਾਵਾ ਯਾਟਾਂ ਦਾ ਨਾਂ ਢਕਣ ਦੇ ਇਕ ਕਵਰ ਦਾ ਇਸਤੇਮਾਲ ਕੀਤਾ ਜਾਂਦਾ ਹੈ। ਜਦੋਂ ਇਹ ਟਸਕਨ ਤੱਟ ’ਤੇ ਆਈ ਤਾਂ ਮੁਲਾਜ਼ਮਾਂ ਨੇ ਧਾਤੂ ਦਾ ਇਕ ਵੱਡਾ ਬੈਰੀਅਰ ਲਗਾ ਦਿੱਤਾ ਤਾਂ ਜੋ ਲੋਕਾਂ ਦੀ ਨਜ਼ਰ ’ਤੇ ਇਸ ਨਾ ਪਵੇ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਬੀਤੇ ਹਫ਼ਤੇ ਬ੍ਰਿਟੇਨ ਤੇ ਯੂਰਪੀ ਸੰਘ ਨਾਲ ਮਿਲ ਕੇ ਇਕ ਸਾਂਝਾ ਬਲ ਗਠਿਤ ਕੀਤਾ ਹੈ ਜੋ ਪੁਤਿਨ ਦੇ ਕਰੀਬੀਆਂ ਦੀ ਜਾਇਦਾਦ ਤੇ ਯਾਟ ਆਦਿ ਲੱਭ ਕੇ ਜ਼ਬਤ ਕਰੇਗਾ।

Posted By: Neha Diwan