ਰੋਮ (ਏਪੀ) : ਕੋਵਿਡ-19 ਮਹਾਮਾਰੀ ਨੇ ਸਾਬਤ ਕਰ ਦਿੱਤਾ ਹੈ ਕਿ ਬਾਜ਼ਾਰਵਾਦ ਅਸਫਲ ਰਿਹਾ ਹੈ। ਦੁਨੀਆ ਨੂੰ ਹੁਣ ਨਵੀਂ ਤਰ੍ਹਾਂ ਦੀ ਰਾਜਨੀਤੀ ਦੀ ਜ਼ਰੂਰਤ ਹੈ ਜਿਸ 'ਚ ਆਪਸੀ ਗੱਲਬਾਤ ਤੇ ਇਕਜੁੱਟਤਾ ਨੂੰ ਬੜ੍ਹਾਵਾ ਮਿਲੇ। ਹਰ ਹਾਲ 'ਚ ਨਫ਼ਰਤ ਤੇ ਯੁੱਧ ਖ਼ਤਮ ਹੋਵੇ। ਇਹ ਗੱਲ ਈਸਾਈਆਂ ਦੇ ਸਭ ਤੋਂ ਵੱਡੇ ਧਰਮ ਗੁਰੂ ਪੋਪ ਫਰਾਂਸਿਸ ਨੇ ਕਹੀ। ਐਤਵਾਰ ਨੂੰ ਉਨ੍ਹਾਂ ਦਾ ਤਾਜ਼ਾ ਸਮਾਜਿਕ ਸੰਦੇਸ਼ ਜਾਰੀ ਹੋਇਆ। ਇਸ 'ਚ ਉਨ੍ਹਾਂ ਸਭ ਨੂੰ ਬਰਦਰਜ਼ ਆਲ ਕਹਿ ਕੇ ਸੰਬੋਧਨ ਕੀਤਾ ਹੈ ਤੇ ਕੋਵਿਡ ਤੋਂ ਬਾਅਦ ਦੁਨੀਆ ਨੂੰ ਫੋਕਸ ਕੀਤਾ ਹੈ।

ਇਸ ਸੰਦੇਸ਼ 'ਚ ਸੇਂਟ ਫਰਾਂਸਿਸ ਦੇ ਉਪਦੇਸ਼ਾਂ ਨੂੰ ਆਧਾਰ ਬਣਾ ਕੇ ਗੱਲਾਂ ਕਹੀਆਂ ਗਈਆਂ ਹਨ। ਸੰਦੇਸ਼ 'ਚ ਕੌਮਾਂਤਰੀ ਅਰਥਵਿਵਸਥਾ ਦੀ ਬੇਇਨਸਾਫ਼ੀ ਦਾ ਜ਼ਿਕਰ ਕਰਦੇ ਹੋਏ ਪਿ੍ਰਥਵੀ ਦੀ ਬਰਬਾਦੀ ਨੂੰ ਰੇਖਾਂਕਿਤ ਕੀਤਾ ਗਿਆ ਹੈ। ਮੌਜੂਦਾ ਸਮੱਸਿਆਵਾਂ ਦਾ ਜ਼ਿਕਰ ਕਰਦੇ ਹੋਏ ਸੁਧਾਰ ਲਈ ਮਨੁੱਖੀ ਇਕਜੁੱਟਤਾ ਦੀ ਅਪੀਲ ਕੀਤੀ। ਸੰਦੇਸ਼ 'ਚ ਪੋਪ ਫਰਾਂਸਿਸ ਨੇ ਕੈਥੋਲਿਕ ਚਰਚ ਦੀ ਉਸ ਮਾਨਤਾ ਨੂੰ ਵੀ ਨਕਾਰ ਦਿੱਤਾ ਜਿਸ 'ਚ ਜਾਇਜ਼ ਸੁਰੱਖਿਆ ਲਈ ਯੁੱਧ ਨੂੰ ਸਹੀ ਦੱਸਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਨਤਾ ਨੂੰ ਸਦੀਆਂ ਤਕ ਵੱਡੇ ਪੈਮਾਨੇ 'ਤੇ ਲਾਗੂ ਕੀਤਾ ਗਿਆ ਪਰ ਇਸ ਨੂੰ ਸਾਬਤ ਨਹੀਂ ਕੀਤਾ ਜਾ ਸਕਿਆ।

ਪੋਪ ਫਰਾਂਸਿਸ ਨੇ ਇਹ ਸੰਦੇਸ਼ ਲਿਖਣ ਦੀ ਸ਼ੁਰੂਆਤ ਕੋਰੋਨਾ ਵਾਇਰਸ ਦਾ ਅਸਰ ਸ਼ੁਰੂ ਹੋਣ ਤੋਂ ਪਹਿਲਾਂ ਦਾ ਹੈ ਪਰ ਬਾਅਦ 'ਚ ਇਸ 'ਚ ਕੋਰੋਨਾ ਕਾਲ ਦੇ ਤਜਰਬੇ ਜੁੜਦੇ ਚਲੇ ਗਏ। ਪੋਪ ਨੇ ਲਿਖਿਆ ਕਿ ਮਹਾਮਾਰੀ ਤੋਂ ਉਪਜੇ ਹਾਲਾਤ ਨੇ ਉਨ੍ਹਾਂ ਦੀਆਂ ਮਾਨਤਾਵਾਂ ਨੂੰ ਸਹੀ ਸਾਬਤ ਕੀਤਾ। ਮੌਜੂਦਾ ਰਾਜਨੀਤਿਕ ਤੇ ਆਰਥਿਕ ਵਿਵਸਥਾ ਨੂੰ ਬਦਲੇ ਜਾਣ ਦੀ ਜ਼ਰੂਰਤ ਹੈ। ਕੋਵਿਡ ਮਹਾਮਾਰੀ ਨੇ ਇਸ ਜ਼ਰੂਰਤ ਨੂੰ ਹੋਰ ਗੰਭੀਰਤਾ ਨਾਲ ਪੇਸ਼ ਕੀਤਾ ਹੈ।