ਰੋਮ (ਇਟਲੀ) : ਇਟਲੀ ਦੌਰੇ 'ਤੇ ਪਹੁੰਚੇ ਉੱਘੇ ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਦਾ ਬਾਬਾ ਰਾਮ ਚੰਦ ਯਾਦਗਾਰੀ ਟਰੱਸਟ ਯੂਰਪ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਨ੍ਹਾਂ ਨੂੰ ਇਹ ਸਨਮਾਨ ਸਾਫ਼ ਸੁਥਰੀ ਤੇ ਸੱਭਿਆਚਾਰਕ ਗਾਇਕੀ ਲਈ ਪਾਏ ਗਏ ਯੋਗਦਾਨ ਲਈ ਦਿੱਤਾ ਗਿਆ।

ਵਿਰੋਨਾ ਵਿਖੇ ਇਕ ਹੋਟਲ 'ਚ ਸਮਾਗਮ ਦੌਰਾਨ ਟਰੱਸਟ ਦੇ ਅਹੁੁਦੇਦਾਰਾਂ ਤੇ ਸਾਹਿਤ, ਸੱਭਿਆਚਾਰ ਤੇ ਸਮਾਜਿਕ ਖੇਤਰ ਦੀਆਂ ਪ੍ਰਮੁੱਖ ਹਸਤੀਆਂ ਦੀ ਹਾਜ਼ਰੀ 'ਚ ਲਹਿੰਬਰ ਹੁਸੈਨਪੁਰੀ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕਰਦੇ ਸਮੇਂ ਉਨ੍ਹਾਂ ਦੀ ਚੰਗੀ ਗਾਇਕੀ ਦੀ ਭਰਪੂਰ ਸ਼ਲਾਘਾ ਕੀਤੀ ਗਈ। ਇਸ ਦੌਰਾਨ ਹੈਪੀ ਲੈਰਾ ਨੇ ਧਾਰਮਿਕ ਗੀਤ ਗਾਇਆ। ਉਪਰੰਤ ਲਹਿੰਬਰ ਹੁਸੈਨਪੁਰੀ ਨੇ ਆਪਣੇ ਗੀਤਾਂ ਨਾਲ ਸਾਰਿਆਂ ਦਾ ਮਨ ਮੋਹ ਲਿਆ। ਉਨ੍ਹਾਂ ਕਿਹਾ ਕਿ ਇਸ ਸਨਮਾਨ ਨਾਲ ਪੰਜਾਬੀ ਗਾਇਕੀ ਪ੍ਰਤੀ ਮੇਰੀ ਹੋਰ ਜ਼ਿੰਮੇਵਾਰੀ ਵੱਧ ਗਈ ਹੈ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਸਰੋਤਿਆਂ ਦੇ ਸਨਮੁਖ ਸੁਹਿਰਦ ਗੀਤ ਹੀ ਪੇਸ਼ ਕਰਨਗੇ। ਟਰੱਸਟ ਦੇ ਮੀਤ ਪ੍ਰਧਾਨ ਹਰਦੀਪ ਸਿੰਘ ਕੰਗ ਨੇ ਆਈਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵਾਇਸ ਆਫ ਪੰਜਾਬ ਮਨਦੀਪ ਕੌਰ ਮਾਛੀਵਾੜਾ, ਉੱਘੇ ਲੇਖਕ ਹਰਦੀਪ ਸਿੰਘ ਕੰਗ, ਗੀਤਕਾਰ ਸੋਢੀ ਲਿੱਤਰਾਂ, ਬਾਬਾ ਰਾਮ ਚੰਦ ਯਾਦਗਾਰੀ ਟਰੱਸਟ ਯੂਰਪ ਦੇ ਪ੍ਰਧਾਨ ਟੇਕ ਚੰਦ ਜਗਤਪੁਰ, ਹਰਬਿੰਦਰ ਸਿੰਘ ਧਾਲੀਵਾਲ, ਸਮਾਜਸੇਵੀ ਸੁਰਿੰਦਰ ਭਟਨਾਗਰ, ਜਗਜੀਤ ਸਿੰਘ ਈਸ਼ਰਹੇਲ, ਸਿੱਕੀ ਝੱਜੀ ਪਿੰਡ ਵਾਲਾ, ਸੋਨੂ ਵਰਮਾ, ਗੁਰਿੰਦਰ ਸੋਮਲ, ਸੰਜੀਵ ਲਾਂਬਾ, ਗਾਇਕ ਹੈਪੀ ਲਹਿਰਾ, ਬਿੰਦਰ ਜਰਮਨ ਗੀਤਕਾਰ ਤੇ ਗੁਰਪ੍ਰੀਤ ਖਰੌਡ ਹਾਜ਼ਰ ਸਨ।