ਦਲਜੀਤ ਮੱਕੜ, ਇਟਲੀ : ਗੁਰਦੁਆਰਾ ਸਿੰਘ ਸਭਾ ਕੋਰਤੇਨੋਵਾ ਗੁਰਦੁਆਰਾ ਸਾਹਿਬ ਦੀ ਗਰਾਊਂਡ 'ਚ ਕਬੱਡੀ ਕੱਪ ਕਰਵਾਇਆ ਗਿਆ, ਜਿੱਥੇ ਇਟਲੀ ਦੇ ਵੱਖ-ਵੱਖ ਹਿੱਸਿਆਂ ਤੋਂ ਖੇਡ ਕਲੱਬਾਂ ਦੁਆਰਾ ਹਿੱਸਾ ਲਿਆ ਗਿਆ। ਅੱਤ ਦੀ ਗਰਮੀ ਵਿੱਚ ਵੀ ਖਿਡਾਰੀਆ 'ਚ ਭਾਰੀ ਜੋਸ਼ ਸੀ ਤੇ ਵੱਡੀ ਤਾਦਾਦ ਵਿੱਚ ਦਰਸ਼ਕ ਮੈਚ ਦੇਖਣ ਪਹੁੰਚੇ ਸਨ। ਜਿਹਨਾਂ ਵਿੱਚ ਕਾਫੀ ਗਿਣਤੀ

'ਚ ਔਰਤਾਂ ਵੀ ਸ਼ਾਮਿਲ ਸਨ।

ਕਬੱਡੀ ਕੱਪ ਦੌਰਾਨ ਫਾਈਨਲ ਮੁਕਾਬਲਿਆਂ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਕਲੱਬ ਰੋਮ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੁਰਦੁਆਰਾ ਸਿੰਘ ਸਭਾ ਸਪੋਰਟਸ ਕਲੱਬ ਕੋਰਤੇਨੋਵੇ ਬੈਰਗਾਮੋ ਦੀ ਟੀਮ ਨੂੰ ਮਾਤ ਦੇ ਕੇ ਕਬੱਡੀ ਕੱਪ ਜਿੱਤ ਲਿਆ। ਇਸ ਤਰ੍ਹਾਂ ਰੋਮ ਪਹਿਲੇ ਤੇ ਕੋਤਰੇਨੋਵਾ ਬੈਰਗਮੋ ਦੂਸਰੇ ਸਥਾਨ 'ਤੇ ਰਹੇ। ਪਹਿਲੇ ਸਥਾਨ 'ਤੇ ਰਹੀ ਟੀਮ ਨੂੰ ਸ. ਗੁਰਜੀਤ ਸਿੰਘ ਸੋਹੀ ਵੱਲੋਂ 2100 ਯੂਰੋ ਅਤੇ ਦੂਸਰੇ ਸਥਾਨ 'ਤੇ ਰਹੀ ਟੀਮ ਨੂੰ ਸ. ਹਰਪ੍ਰੀਤ ਸਿੰਘ ਲੇਨੋਂ ਵੱਲੋਂ 1800 ਯੂਰੋ ਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੱਲੋਂ ਟਰਾਫੀ ਨਾਲ ਸਨਮਾਨਤ ਕੀਤਾ ਗਿਆ।

ਖਿਡਾਰੀ ਮੰਨਾ ਫਰਾਂਸ ਤੇ ਗਿੰਦਾ ਸਪੇਨ ਬੈਸਟ ਰੇਡਰ ਐਲਾਨੇ ਗਏ ਤੇ ਕਾਲਾ ਭੰਡਾਲ ਤੇ ਹਿੰਦਾ ਰੋਮਾ ਬੈਸਟ ਜਾਫੀ ਚੁਣੇ ਗਏ। ਜਦੋਂ ਕਿ ਨੈਸ਼ਨਲ ਕਬੱਡੀ ਦੇ ਮੈਚ ਵਿੱਚ ਬੈਰਗਾਮੋਂ ਅਤੇ ਫਿਰੈਂਸੇ 'ਚ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲਿਆ, ਜਿਸ ਵਿੱਚ ਸੰਦੀਪ ਨੰਗਲ ਅੰਬੀਆਂ ਸਪੋਰਟਸ ਕਲੱਬ ਪਹਿਲੇ ਸਥਾਨ ਅਤੇ ਬੈਰਗਾਮੋਂ ਦੀ ਟੀਮ ਦੂਜੇ ਸਥਾਨ ਉੱਪਰ ਰਹੀ।

ਖੇਡ ਮੇਲੇ ਦੌਰਾਨ ਬੱਚਿਆਂ ਦੀਆਂ ਦੌੜਾਂ ਵੀ ਕਰਵਾਈਆਂ ਗਈਆਂ, ਜਿਸ ਵਿੱਚ ਹਿੱਸਾ ਲੈਣ ਵਾਲੇ ਸਾਰੇ ਬੱਚਿਆਂ ਦਾ ਮੈਡਲਾਂ ਨਾਲ ਸਨਮਾਨ ਕੀਤਾ ਗਿਆ। ਇਸ ਖੇਡ ਮੇਲੇ 'ਚ 9 ਸਾਲਾਂ ਪ੍ਰਭਏਕ ਸਿੰਘ ਨੇ ਦੰਦਾਂ ਦੇ ਨਾਲ ਰੱਸੀ ਬੰਨ੍ਹ ਬੁਲੇਟ ਮੋਟਰਸਾਈਕਲ ਖਿੱਚਿਆ, ਜੋ ਕਿ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣਿਆ। ਪ੍ਰਸਿੱਧ ਕੁਮੈਂਟੇਟਰ ਬੱਬੂ ਜਲੰਧਰੀਆ ਤੋਂ ਇਲਾਵਾ ਪ੍ਰੋਫੈਸਰ ਮਨਜਿੰਦਰ ਸਿੰਘ ਅਤੇ ਅਮਨ ਪ੍ਰੀਤ ਸਿੰਘ ਤੇ ਹੋਰਨਾਂ ਦੁਆਰਾ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਦੇ ਨਾਲ ਕੁਮੈਂਟਰੀ ਕਰਕੇ ਦਰਸ਼ਕਾਂ ਨੂੰ ਖੇਡ ਮੈਦਾਨ ਨਾਲ ਜੋੜੀ ਰੱਖਿਆ।

ਇਸ ਕਬੱਡੀ ਕੱਪ ਦੌਰਾਨ ਇਟਲੀ ਵਿੱਚ ਭਾਰਤੀ ਭਾਈਚਾਰੇ ਨਾਲ ਸੰਬੰਧਿਤ ਨਾਮਵਰ ਸਖ਼ਸ਼ੀਅਤਾਂ, ਪ੍ਰਮੋਟਰ ਪਹੁੰਚੇ ਹੋਏ ਸਨ। ਅੰਤ ਵਿੱਚ ਗੁਰਦੁਆਰਾ ਸਿੰਘ ਸਭਾ ਕੋਰਤੇਨੋਵਾ ਦੀ ਪ੍ਰਬੰਧਕੀ ਕਮੇਟੀ ਵੱਲੋਂ ਆਏ ਹੋਏ ਸਾਰੇ ਪਤਵੰਤੇ, ਕਬੱਡੀ ਪ੍ਰਮੋਟਰ ਅਤੇ ਕਬੱਡੀ ਖੇਡ ਪ੍ਰੇਮੀਆਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ।

Posted By: Ramanjit Kaur