ਦਲਜੀਤ ਮੱਕੜ, ਮਿਲਾਨ, ਇਟਲੀ : ਕਦੀ ਸਮਾਂ ਸੀ ਕਿ ਵਿਸ਼ਵ ਦੇ ਮਹਾਂ ਸ਼ਕਤੀਸ਼ਾਲੀ ਦੇਸ਼ ਦੁਨੀਆਂ ਜਿੱਤਣ ਦੀਆਂ ਦਿਨ-ਰਾਤ ਬੁਣਤਾਂ ਬੁਣਦੇ ਨਹੀ ਸਨ ਥੱਕਦੇ ਪਰ ਕੋਵਿਡ-19 ਨੇ ਸਭ ਨੂੰ ਅਜਿਹੀ ਮਾਤ ਦਿੱਤੀ ਕਿ ਹੁਣ ਦੁਨੀਆ ਜਿੱਤਣ ਦੇ ਦਾਅਵੇਦਾਰ ਦੇਸ਼ ਇਸ ਸਮੇਂ ਸਿਰਫ ਇੱਕ ਹੀ ਮਿਸ਼ਨ ਜਿੱਤਣ ਵਿੱਚ ਲੱਗੇ ਹਨ ਉਹ ਹੈ ਆਪਣੇ ਦੇਸ਼ ਨੂੰ ਕੋਵਿਡ-19 ਮੁਕਤ ਕਰਨ ਦਾ ਜਿਸ ਲਈ ਦੁਨੀਆਂ ਭਰ ਵਿੱਚ ਸਰਕਾਰਾਂ ਪੱਬਾਂ ਭਾਰ ਹੋ ਕੰਮ ਕਰ ਰਹੀਆਂ ਹਨ ਤੇ ਯੂਰਪੀਅਨ ਦੇਸ਼ ਇਟਲੀ ਵੀ ਇਸ ਜੰਗ ਵਿੱਚ ਜਿੱਤ ਦੇ ਕਿਨਾਰੇ ਪਹੁੰਚ ਗਿਆ ਹੈ ਬੇਸ਼ੱਕ ਇਟਲੀ ਵਿੱਚ 126,472 ਲੋਕ ਕੋਵਿਡ-19 ਵਿਰੁੱਧ ਲੱਗੀ ਜੰਗ ਵਿੱਚ ਆਪਣੀਆਂ ਅਨਮੋਲ ਜ਼ਿੰਦਗੀਆਂ ਗੁਆ ਚੁੱਕੇ ਹਨ ਪਰ ਫਿਰ ਵੀ ਇਟਲੀ ਸਰਕਾਰ ਨੇ ਕੋਰੋਨਾ ਵਾਇਰਸ ਤੇ ਕਾਬੂ ਪਾਉਣ ਵਿੱਚ ਕਾਮਯਾਬੀ ਹਾਸਲ ਕਰ ਲਈ ਹੈ।

ਇਟਲੀ ਵਿੱਚ ਹਰ ਰੋਜ਼ ਐਂਟੀ ਕੋਵਿਡ ਵੈਕਸੀਨ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ।ਜਿਸ ਕਰਕੇ ਹੁਣ ਆਏ ਦਿਨ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਗਿਰਾਵਟ ਆ ਰਹੀ ਹੈ।ਇਟਲੀ ਸਰਕਾਰ ਵਲੋਂ ਕੋਰੋਨਾ ਵਾਇਰਸ ਦੇ ਘੱਟ ਰਹੇ ਮਾਮਲਿਆਂ ਦੇ ਮੱਦੇਨਜ਼ਰ 7 ਜੂਨ 2021 ਸੋਮਵਾਰ ਤੋਂ ਇਟਲੀ ਸਰਕਾਰ ਉਹਨਾਂ ਸੂਬਿਆਂ ਨੂੰ ਖ਼ਤਰੇ ਤੋਂ ਬਾਹਰ ਸੂਬਾ ਐਲਾਨ ਰਹੀ ਹੈ ਜਿੱਥੇ ਮਹਾਮਾਰੀ ਦਾ ਪ੍ਰਕੋਪ ਘੱਟ ਹੋ ਗਿਆ ਹੈ ।ਸਰਕਾਰ ਅਜਿਹੇ ਸੂਬਿਆਂ ਨੂੰ ਚਿੱਟੇ ਰੰਗ ਦੇ ਜ਼ੋਨਾਂ ਵਿੱਚ ਤਬਦੀਲ ਕਰਨ ਜਾ ਰਹੀ ਹੈ।

ਸਥਾਨਕ ਮੀਡੀਆ ਅਨੁਸਾਰ ਇਟਲੀ ਦੇ ਸਿਹਤ ਮੰਤਰੀ ਰੌਬੇਰਤੋ ਸੰਪਰੈਂਜਾ ਵਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਮੂਲੀਸੇ,ਸਰਦੇਨੀਆ,ਓਬਰੀਆ,ਅਰਬੂਜੋ,ਵੇਨੇਤੋ,ਲਿਗੂਰੀਆ, ਅਤੇ ਫ੍ਰੀਉਲੀ ਵਨੇਸੀਆ ਜੂਲੀਆ ਆਦਿ ਸੂਬਿਆਂ ਨੂੰ ਚਿੱਟੇ ਰੰਗ ਦੇ ਜ਼ੋਨਾਂ ਵਿੱਚ ਤਬਦੀਲ ਹੋ ਜਾਣਗੇ। ਇਨ੍ਹਾਂ ਸੂਬਿਆਂ ਵਿੱਚ ਰਾਤ ਦਾ ਕਰਫ਼ਿਊ ਵੀ ਹਟਾ ਦਿੱਤਾ ਗਿਆ ਹੈ,ਪਰ ਇਹਨਾਂ 7 ਸੂਬਿਆਂ ਦੇ ਨਾਗਰਿਕਾਂ ਨੂੰ ਸੋਸ਼ਲ ਡਿਸ਼ਟੈਨਸ ਰੱਖਣਾ ਅਤੇ ਮਾਸਕ ਪਹਿਨਣਾ ਜਰੂਰੀ ਹੋਵੇਗਾ।ਉਮੀਦ ਪ੍ਰਗਟਾਈ ਜਾ ਰਹੀ ਹੈ ਜਲਦ ਇਟਲੀ ਕੋਵਿਡ ਮੁੱਕਤ ਦੇਸ਼ ਐਲਾਨ ਦਿੱਤਾ ਜਾਵੇਗਾ।ਸਰਕਾਰ ਵੱਲੋ ਕੋਵਿਡ-19 ਵਿਰੁੱਧ ਛੇੜੀ ਜੰਗ ਜਿੱਤ ਦੇ ਕਿਨਾਰੇ ਆਉਂਦੀ ਦੇਖ ਇਟਲੀ ਦੇ ਬਾਸ਼ਿੰਦਿਆਂ ਦੇ ਚੇਹਰਿਆਂ ਉਪੱਰ ਖੁਸ਼ੀ ਤੇ ਲਾਲੀ ਦੇਖੀ ਜਾ ਰਹੀ ਹੈ।

Posted By: Tejinder Thind