ਰੋਮ (ਏਜੰਸੀ) : ਇਟਲੀ 'ਚ ਸਿਆਸੀ ਸੰਕਟ ਪੈਦਾ ਹੋ ਗਿਆ ਹੈ। ਪ੍ਰਧਾਨ ਮੰਤਰੀ ਗਿਸੇਪ ਕੋਂਤੇ ਨੇ ਗ੍ਰਹਿ ਮੰਤਰੀ ਮਾਤਿਓ ਸਾਲਵਿਨੀ ਨਾਲ ਮਤਭੇਦਾਂ ਕਾਰਨ ਮੰਗਲਵਾਰ ਨੂੰ ਅਸਤੀਫ਼ਾ ਦੇ ਦਿੱਤਾ। ਇਸ ਨਾਲ ਸਿਰਫ਼ 14 ਮਹੀਨੇ ਪੁਰਾਣੀ ਗਠਜੋੜ ਸਰਕਾਰ ਡਿੱਗ ਗਈ। ਉਨ੍ਹਾਂ ਨੇ ਸਾਲਵਿਨੀ 'ਤੇ ਦੋਸ਼ ਲਗਾਇਆ ਕਿ ਉਹ ਨਿੱਜੀ ਫ਼ਾਇਦੇ ਲਈ ਗਠਜੋੜ ਸਰਕਾਰ ਤੇ ਅਰਥ ਵਿਵਸਤਾ ਨੂੰ ਖ਼ਤਰੇ 'ਚ ਪਾ ਰਹੇ ਹਨ। ਰਾਸ਼ਟਰਪਤੀ ਸਰਜੀਓ ਮਾਤਰੇਲਾ ਕੋਂਤੇ ਦੇ ਅਸਤੀਫ਼ੇ ਤੋਂ ਪੈਦਾ ਹੋਏ ਸਿਆਸੀ ਸੰਕਟ ਦਾ ਹੱਲ ਕੱਢਣ ਦੇ ਯਤਨ 'ਚ ਲੱਗ ਗਏ ਹਨ। ਉਹ ਇਸ ਉਮੀਦ ਨਾਲ ਸੰਸਦ 'ਚ ਇਕ-ਇਕ ਕਰ ਕੇ ਸਾਰੀਆਂ ਪਾਰਟੀਆਂ ਨਾਲ ਮੁਲਾਕਾਤ ਕਰਨਗੇ ਕਿ ਕੀ ਨਵੀਂ ਗਠਜੋੜ ਸਰਕਾਰ ਦਾ ਗਠਨ ਹੋ ਸਕਦਾ ਹੈ ਜਾਂ ਨਹੀਂ? ਜੇਕਰ ਇਸ ਯਤਨ 'ਚ ਉਨ੍ਹਾਂ ਨੂੰ ਨਾਕਾਮੀ ਹੱਥ ਲੱਗਦੀ ਹੈ ਕਿ ਤਾਂ ਉਹ ਸੰਸਦ ਭੰਗ ਕਰ ਦੇਣਗੇ ਤੇ ਮੱਧਕਾਲੀ ਚੋਣਾਂ ਕਰਵਾਉਣਗੇ।

ਕੋਂਤੇ ਨੇ ਮੰਗਲਵਾਰ ਨੂੰ ਸੰਸਦ 'ਚ ਕਿਹਾ ਕਿ ਗ੍ਰਹਿ ਮੰਤਰੀ ਸਾਲਵਿਨੀ ਇਹ ਦਿਖਾਉਂਦੇ ਹਨ ਕਿ ਉਹ ਆਪਣੇ ਹਿੱਤਾਂ ਦੀ ਪਰਵਾਹ ਕਰ ਰਹੇ ਹਨ। ਉਨ੍ਹਾਂ ਦੇ ਫ਼ੈਸਲੇ ਨੇ ਦੇਸ਼ ਲਈ ਗੰਭੀਰ ਖ਼ਤਰਾ ਪੈਦਾ ਕਰ ਦਿੱਤਾ ਹੈ। ਇਸ ਤੋਂ ਬਾਅਦ ਕੋਂਤੇ ਰਾਸ਼ਟਰਪਤੀ ਕੋਲ ਪੁੱਜੇ ਤੇ ਉਨ੍ਹਾਂ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ। ਇਸ ਤੋਂ ਪਹਿਲਾਂ ਬੀਤੀ ਅੱਠ ਅਗਸਤ ਨੂੰ ਦੱਖਣ ਪੰਥੀ ਲੀਗ ਪਾਰਟੀ ਦੇ ਨੇਤਾ ਸਾਲਵਿਨੀ ਨੇ ਇਹ ਬਿਆਨ ਦੇ ਕੇ ਹੈਰਾਨ ਕਰ ਦਿੱਤਾ ਸੀ ਕਿ ਫਾਈਵ ਸਟਾਰ ਮੂਵਮੈਂਟ ਨਾਲ ਉਨ੍ਹਾਂ ਦਾ ਗਠਜੋੜ ਖ਼ਤਮ ਹੋ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਨਵੇਂ ਸਿਰੇ ਤੋਂ ਚੋਣ ਕਰਵਾਉਣ ਦੀ ਮੰਗ ਕੀਤੀ ਸੀ। ਇਨ੍ਹਾਂ ਦੋਵਾਂ ਪਾਰਟੀਆਂ ਨੇ ਪਿਛਲੇ ਸਾਲ ਜੂਨ 'ਚ ਕੋਂਤੇ ਦੀ ਅਗਵਾਈ 'ਚ ਗਠਜੋੜ ਸਰਕਾਰ ਬਣਾਈ ਸੀ।

ਫਾਈਵ ਸਟਾਰ ਤੇ ਡੈਮੋਕ੍ਰੇਟਿਕ ਪਾਰਟੀ 'ਚ ਚੱਲ ਰਹੀ ਹੈ ਗੱਲ

ਸਥਾਨਕ ਮੀਡੀਆ ਮੁਤਾਬਕ ਫਾਈਵ ਸਟਾਰ ਤੇ ਡੈਮੋਕ੍ਰੇਟਿਸ ਪਾਰਟੀ ਦੇ ਨੇਤਾ ਨਵੀਂ ਗਠਜੋੜ ਸਰਕਾਰ ਦੇ ਗਠਨ ਬਾਰੇ ਖੁੱਲ੍ਹੇ ਤੌਰ 'ਤੇ ਗੱਲਬਾਤ ਕਰ ਰਹੇ ਹਨ। ਜੇਕਰ ਉਹ ਸਰਕਾਰ ਬਣਾਉਣ 'ਚ ਕਾਮਯਾਬ ਹੁੰਦੇ ਹਨ ਤਾਂ ਲੀਗ ਪਾਰਟੀ ਨੂੰ ਵਿਰੋਧੀ ਧਿਰ 'ਚ ਬੈਠਣਾ ਪਵੇਗਾ।