ਲੰਦਨ : ਇਟਲੀ ਦੇ ਇਕ ਰੈਗੁਲੇਟਰ ਨੇ ਯੂਜ਼ਰਸ ਡਾਟਾ ਵੇਚਣ ਦੇ ਮਾਮਲੇ ਵਿਚ ਫੇਸਬੁੱਕ ਉਤੇ ਇਕ ਕਰੋੜ ਯੂਰੋ (ਲਗਭੱਗ 81 ਕਰੋੜ ਰੁਪਏ) ਦਾ ਜ਼ੁਰਮਾਨਾ ਲਗਾਇਆ ਹੈ। ਇਸ ਸੋਸ਼ਲ ਨੈਟਵਰਕਿੰਗ ਸਾਈਟ ਨੇ ਯੂਜ਼ਰਸ ਨੂੰ ਜਾਣਕਾਰੀ ਦਿਤੇ ਬਿਨਾਂ ਹੀ ਉਨ੍ਹਾਂ ਦੇ ਡਾਟੇ ਨੂੰ ਵੇਚ ਦਿਤਾ ਸੀ। ਰੈਗੁਲੇਟਰ ਨੇ ਫੇਸਬੁੱਕ ਨੂੰ ਇਹ ਹੁਕਮ ਵੀ ਦਿਤਾ ਹੈ ਕਿ ਉਹ ਅਪਣੀ ਵੈੱਬਸਾਈਟ ਅਤੇ ਐਪ ਉਤੇ ਯੂਜ਼ਰਸ ਤੋਂ ਸਰਵਜਨਿਕ ਤੌਰ 'ਤੇ ਮਾਫ਼ੀ ਮੰਗੇ। ਸਥਾਨਿਕ ਮੀਡੀਆ ਵਿਚ ਸ਼ਨਿਚਰਵਾਰ ਨੂੰ ਆਈ ਖ਼ਬਰ ਦੇ ਮੁਤਾਬਕ, ਇਟਲੀ ਦੇ ਖ਼ਪਤਕਾਰ ਅਤੇ ਬਾਜ਼ਾਰ ਰੈਗੁਲੇਟਰ ਨੇ ਇਹ ਫ਼ੈਸਲਾ ਸੁਣਾਇਆ ਹੈ। ਇਸ ਫ਼ੈਸਲੇ ਉਤੇ ਫੇਸਬੁੱਕ ਦੇ ਬੁਲਾਰੇ ਨੇ ਕਿਹਾ, ਅਸੀ ਫ਼ੈਸਲੇ ਦੀ ਸਮੀਖਿਆ ਕਰ ਰਹੇ ਹਾਂ। ਸਾਨੂੰ ਇਹ ਉਮੀਦ ਹੈ ਕਿ ਅਸੀ ਉਨ੍ਹਾਂ ਦੇ ਨਾਲ ਮਿਲ ਕੇ ਮਾਮਲੇ ਨੂੰ ਹੱਲ ਕਰ ਲਵਾਂਗੇ। ਅਸੀਂ ਲੋਕਾਂ ਦੀ ਜਾਣਕਾਰੀ ਲਈ ਇਸ ਸਾਲ ਅਪਣੇ ਨਿਯਮਾਂ ਅਤੇ ਨੀਤੀਆਂ ਨੂੰ ਸਪੱਸ਼ਟ ਕੀਤਾ ਹੈ ਕਿ ਅਸੀ ਕਿਸ ਤਰ੍ਹਾਂ ਨਾਲ ਯੂਜ਼ਰਸ ਡਾਟੇ ਦਾ ਇਸਤੇਮਾਲ ਕਰਦੇ ਹਾਂ। ਉਨ੍ਹਾਂ ਨੇ ਦੱਸਿਆ ਕਿ ਅਸੀਂ ਨਿਜਤਾ ਨੂੰ ਲੈ ਕੇ ਕਈ ਉਪਾਅ ਕੀਤੇ ਹਨ। ਤੁਸੀ ਫੇਸਬੁੱਕ ਉਤੇ ਅਪਣੀ ਨਿਜੀ ਜਾਣਕਾਰੀ ਨੂੰ ਅਪਣੇ ਆਪ ਵੀ ਨਿਯੰਤਰਿਤ ਕਰ ਸਕਦੇ ਹੋ।