ਦਲਜੀਤ ਮੱਕੜ, ਮਿਲਾਨ (ਇਟਲੀ) : ਭਾਰਤ ’ਚ ਹੁਣ ਕੋਰੋਨਾ ਵਾਇਰਸ ਦੇ ਰਿਕਾਰਡਤੋੜ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਜਿੱਥੇ ਯੂਰਪ ਸਮੇਤ ਕਈ ਦੇਸ਼ਾਂ ਵੱਲੋਂ ਭਾਰਤ ਤੋਂ ਆਉਣ ਵਾਲੇ ਯਾਤਰੀਆਂ ’ਤੇ ਪਾਬੰਦੀ ਲਾਈ ਹੋਈ ਹੈ ਅਤੇ ਭਾਰਤ ਵਿਚ ਦਿਨੋਂ-ਦਿਨ ਵੱਧ ਰਹੇ ਕੋਰੋਨਾ ਕੇਸਾਂ ਕਾਰਨ ਪਾਬੰਦੀ ਲਾਉਂਦੇ ਜਾ ਰਹੇ ਹਨ, ਉਥੇ ਇਟਲੀ ਸਰਕਾਰ ਵੱਲੋਂ ਵੀ ਭਾਰਤ ਤੋਂ ਇਟਲੀ ਆਉਣ ਵਾਲੇ ਯਾਤਰੀਆਂ ਲਈ ਆਰਜ਼ੀ ਤੌਰ ’ਤੇ 14 ਦਿਨਾਂ ਲਈ ਆਰਜ਼ੀ ਪਾਬੰਦੀ ਲਗਾ ਦਿੱਤੀ ਹੈ।

ਇਟਲੀ ਦੇ ਸਿਹਤ ਮੰਤਰੀ ਰੋਬੈਰਤੋ ਸੰਪੇਰੰਜਾ ਵੱਲੋਂ ਸੋਸ਼ਲ ਮੀਡੀਆ ’ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਭਾਰਤ ਵਿਚ ਲਗਾਤਾਰ ਵੱਧ ਰਹੇ ਕੇਸਾਂ ਕਾਰਨ ਸਾਨੂੰ ਇਹ ਪਾਬੰਦੀ ਲਾਉਣੀ ਪੈ ਰਹੀ ਹੈ, ਪਰ ਜਿਹੜੇ ਨਾਗਰਿਕ ਇਟਲੀ ਦੇ ਨਿਵਾਸੀ ਹਨ, ਉਨ੍ਹਾਂ ਨੂੰ ਕੋਈ ਰੋਕ ਨਹੀਂ ਹੈ, ਉਹ ਇਟਲੀ ਵਾਪਸ ਆ ਸਕਦੇ ਹਨ ਪਰ ਉਨ੍ਹਾਂ ਕੋਲ ਕੋਰੋਨਾ ਵਾਇਰਸ ਦੀ ਨੈਗੇਟਿਵ ਰਿਪੋਰਟ ਲਾਜ਼ਮੀ ਹੋਣੀ ਚਾਹੀਦੀ ਹੈ। ਭਾਰਤ ਤੋਂ ਇਟਲੀ ਪਹੁੰਚ ਕੇ 14 ਦਿਨਾਂ ਲਈ ਇਕਾਂਤਵਾਸ ਹੋਣਾ ਲਾਜ਼ਮੀ ਹੋਵੇਗਾ, ਕਿਉਂਕਿ ਭਾਰਤ ਵਿਚ 24 ਅਪ੍ਰੈਲ ਨੂੰ 3,46,000 ਨਵੇਂ ਕੋਰੋਨਾ ਦੇ ਕੇਸ ਸਾਹਮਣੇ ਆਏ ਸਨ ਜਿਹੜਾ ਕਿ ਇਕ ਦਿਨ ਦਾ ਪੂਰੀ ਦੁਨੀਆ ਭਰ ਵਿਚ ਹੁਣ ਤਕ ਦੇ ਪਹਿਲੇ ਦਰਜੇ ਦਾ ਰਿਕਾਰਡ ਅੰਕੜਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਟਲੀ ਸਰਕਾਰ ਦਿਨ ਰਾਤ ਇਸ ਮਹਾਮਾਰੀ ’ਤੇ ਕਾਬੂ ਪਾਉਣ ਵਿਚ ਲੱਗੀ ਹੋਈ ਹੈ। ਇਟਲੀ ਸਰਕਾਰ ਹੁਣ ਕਿਸੇ ਕਿਸਮ ਦਾ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦੀ।

ਦੱਸਣਯੋਗ ਹੈ ਕਿ ਭਾਰਤ ਤੋਂ ਵਿਦੇਸ਼ਾਂ ਨੂੰ ਜਾਣ ਵਾਲੇ ਯਾਤਰੀਆਂ ’ਤੇ ਪਹਿਲਾਂ ਵੀ ਕਈ ਦੇਸ਼ਾਂ ਨੇ ਪਾਬੰਦੀ ਲਗਾ ਦਿੱਤੀ ਹੈ ਅਤੇ ਹੁਣ ਇਟਲੀ ਸਰਕਾਰ ਵੱਲੋਂ ਵੀ ਇਕ ਆਰਡੀਨੈਂਸ ’ਤੇ ਦਸਤਖ਼ਤ ਕਰ ਕੇ ਭਾਰਤ ਤੋਂ ਇਟਲੀ ਆਉਣ ਵਾਲੇ ਨਵੇਂ ਯਾਤਰੀਆਂ ’ਤੇ ਆਰਜ਼ੀ ਤੌਰ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ।

ਦੂਜੇ ਪਾਸੇ ਇਟਲੀ ਤੋਂ ਭਾਰਤ ਗਏ ਯਾਤਰੀਆਂ ਨੂੰ ਵੀ ਇਸ ਨਵੇਂ ਪਾਬੰਦੀਸ਼ੁਦਾ ਆਰਡੀਨੈਂਸ ਤੋਂ ਬਾਅਦ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜ਼ਿਕਰਯੋਗ ਹੈ ਕਿ ਇਟਲੀ ਦੀ ਨਿਵਾਸ ਆਗਿਆ ਵਾਲੇ ਜਿਹੜੇ ਭਾਰਤ ਗਏ ਭਾਰਤੀ ਹਨ, ਉਹ ਉਨ੍ਹਾਂ ਨੂੰ ਇਟਲੀ ਆਉਣ ਸਮੇਂ 48 ਘੰਟੇ ਮਾਨਤਾ ਪ੍ਰਾਪਤ ਰਿਪੋਰਟ ਦਾ ਲੈ ਕੇ ਆਉਣਾ ਲਾਜ਼ਮੀ ਹੈ। ਇਹ ਸ਼ਰਤ ਉਨ੍ਹਾਂ ਲਈ ਵੀ ਹੈ ਜਿਨ੍ਹਾਂ ਕੋਲ ਨਿਵਾਸ ਆਗਿਆ ਖ਼ਤਮ ਹੋ ਗਈ ਹੈ ਅਤੇ ਉਨ੍ਹਾਂ ਦੀ ਮਿਆਦ ਵਧਾਉਣ ਲਈ ਸਰਕਾਰ ਨੂੰ ਦਰਖ਼ਾਸਤ ਦਿੱਤੀ ਹੋਈ ਹੈ ਅਤੇ ਰਸੀਦ ਉਨ੍ਹਾਂ ਕੋਲ ਪਿਛਲੇ 6 ਮਹੀਨਿਆਂ ਤੋਂ ਵੱਧ ਪੁਰਾਣੀ ਨਹੀਂ ਹੈ।

Posted By: Sunil Thapa