ਦਲਜੀਤ ਮੱਕੜ, ਮਿਲਾਨ : ਇਟਲੀ ਦੀ ਸਰਕਾਰ 18 ਮਈ ਨੂੰ ਕਾਰੋਬਾਰਾਂ ਦੇ ਨਾਲ-ਨਾਲ ਦੇਸ਼ ਦੇ ਧਾਰਮਿਕ ਅਸਥਾਨਾਂ ਦੇ ਦਰਵਾਜ਼ੇ ਵੀ ਖੋਲ੍ਹਣ ਜਾ ਰਹੀ ਹੈ। ਇਸ ਨਾਲ ਲੋਕਾਂ ਕਾਫ਼ੀ ਖ਼ੁਸ਼ੀ ਦਾ ਮਾਹੌਲ ਹੈ। ਪ੍ਰਧਾਨ ਮੰਤਰੀ ਜੁਸੇਪੇ ਕੌਂਤੇ ਨੇ ਜਿੱਥੇ ਇਸਾਈ ਮੱਤ ਦੇ ਆਗੂਆਂ ਨਾਲ ਡੂੰਘੀਆਂ ਵਿਚਾਰਾਂ ਕਰਨ ਪਿੱਛੋਂ 18 ਮਈ ਨੂੰ ਇਟਲੀ ਭਰ ਦੇ ਗਿਰਜਾਘਰਾਂ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੈ ਉਥੇ ਹੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਦੇ ਆਗੂਆਂ ਨਾਲ ਰਾਜਧਾਨੀ ਰੋਮ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਜਿਸ ਵਿਚ ਪ੍ਰਧਾਨ ਮੰਤਰੀ ਨੇ ਇਟਲੀ ਦੇ ਗੁਰਦੁਆਰਾ ਸਾਹਿਬ ਨੂੰ ਸੰਗਤਾਂ ਲਈ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਹੈ। ਸਾਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਸਰਕਾਰ ਦੀ ਕੋਵਿਡ-19 ਵਿਰੁੱਧ ਲੜਾਈ ਵਿਚ ਸਾਥ ਦੇਣ ਦੀ ਵੀ ਅਪੀਲ ਕੀਤੀ ਹੈ।। ਮੀਟਿੰਗ 'ਚ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਦੇ ਆਗੂ ਰਵਿੰਦਰਜੀਤ ਸਿੰਘ, ਸੁਰਿੰਦਰਜੀਤ ਸਿੰਘ ਪੰਡੋਰੀ ਅਤੇ ਜੁਝਾਰ ਸਿੰਘ ਸ਼ਾਮਲ ਸਨ। ਜ਼ਿਕਰਯੋਗ ਹੈ ਕਿ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਵਿਚ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਲਈ ਵੀ ਕਾਫ਼ੀ ਜੱਦੋਜਹਿਦ ਕਰ ਰਹੀ ਹੈ।

ਇਟਲੀ ਆਏ ਭਾਰਤੀ ਯਾਤਰੀ ਕੀਤੇ ਕੁਆਰੰਟਾਈਨ


ਕੋਰੋਨਾ ਵਾਇਰਸ ਦੀ ਮਾਰ ਦੁਨੀਆ ਭਰ ਦੇ ਲੋਕਾਂ ਨੂੰ ਪੈ ਰਹੀ ਹੈ। ਹਰ ਦੇਸ਼ ਇਸ ਨਾਮੁਰਾਦ ਬਿਮਾਰੀ ਤੋਂ ਬਚਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਿਹਾ ਹੈ ਜਿਸ ਦੇ ਸਿੱਟੇ ਵਜੋਂ ਬਹੁਤੇ ਦੇਸ਼ਾਂ ਨੇ ਦੂਸਰੇ ਦੇਸ਼ਾਂ ਤੋਂ ਆ ਰਹੇ ਲੋਕਾਂ ਨੂੰ ਕੁਆਰੰਟਾਈਨ ਕਰ ਰਹੇ ਹਨ। 10 ਮਈ ਨੂੰ ਭਾਰਤ ਤੋਂ ਹਾਲੈਂਡ ਰਾਹੀਂ ਇਟਲੀ ਪੁੱਜੇ ਭਾਰਤੀ ਯਾਤਰੀਆਂ ਨੂੰ ਵੀ ਕੁਆਰੰਟਾਈਨ ਕੀਤਾ ਗਿਆ ਹੈ। ਇਸ ਸਬੰਧੀ ਗੱਲ ਕਰਦੇ ਹੋਏ ਮਾਨਤੋਵਾ ਰਹਿੰਦੇ ਬਲਜਿੰਦਰ ਸਿੰਘ ਤੇ ਸਾਹਿਲ ਕੁਮਾਰ ਨੇ ਦੱਸਿਆ ਕਿ ਉਹ 10 ਮਈ ਨੂੰ ਇੰਡੀਆ ਤੋਂ ਹਾਲੈਂਡ ਰਾਹੀਂ ਇਕ ਜਹਾਜ਼ ਦੁਆਰਾ ਆਏ ਸਨ। ਹਾਲੈਂਡ ਤੋਂ ਬੱਸ ਰਾਹੀਂ ਇਟਲੀ ਪੁੱਜੇ ਸਨ। ਉਨ੍ਹਾਂ ਆ ਕੇ ਇਸ ਦੀ ਜਾਣਕਾਰੀ ਆਪਣੇ ਕਮੂਨੇ ਨੂੰ ਦਿੱਤੀ ਜਿੱਥੇ ਕਮੂਨੇ ਵਾਲਿਆਂ ਵੱਲੋਂ ਉਨ੍ਹਾਂ ਨੂੰ ਕੋਵਿਡ-19 ਦੇ ਨਿਯਮਾਂ ਤਹਿਤ 11 ਮਈ ਤੋਂ 24 ਮਈ ਤਕ ਕੁਆਰੰਟਾਈਨ ਕੀਤਾ।

Posted By: Seema Anand