ਰੋਮ, ਏਜੰਸੀਆਂ : ਇਟਲੀ 'ਚ ਮਿ੍ਤਕਾਂ ਦੀ ਗਿਣਤੀ ਦੋ ਦਿਨ ਬਾਅਦ ਮੰਗਲਵਾਰ ਨੂੰ ਅਚਾਨਕ ਵੱਧ ਗਈ। ਖਤਰਨਾਕ ਕੋਰੋਨਾ ਵਾਇਰਸ ਦੇ ਕਾਰਨ ਇੱਥੇ ਇਕ ਦਿਨ 'ਚ ਹੋਰ 743 ਲੋਕਾਂ ਦੀ ਮੌਤ ਹੋ ਗਈ ਤੇ ਮਰਨ ਵਾਲਿਆਂ ਦਾ ਅੰਕੜਾ 6,820 'ਤੇ ਪਹੁੰਚ ਗਿਆ। ਇਹ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਨਫੈਕਟਡ ਲੋਕਾਂ ਦਾ ਅੰਕੜਾ 10 ਗੁਣਾ ਜ਼ਿਆਦਾ ਹੋ ਸਕਦਾ ਹੈ। ਬਰਤਾਨੀਆ 'ਚ ਵੀ ਇਕ ਦਿਨ 'ਚ 87 ਲੋਕਾਂ ਦੀ ਜਾਨ ਗਈ ਹੈ, ਜਿਹੜੀ ਇਕ ਦਿਨ 'ਚ ਹੁਣ ਤਕ ਦੀ ਸਭ ਤੋਂ ਵੱਡੀ ਗਿਣਤੀ ਹੈ। ਉੱਥੇ ਮਰਨ ਵਾਲਿਆਂ ਦਾ ਅੰਕੜਾ 422 ਹੋ ਗਿਆ ਹੈ। ਦੁਨੀਆ ਭਰ 'ਚ ਮਰਨ ਵਾਲਿਆਂ ਦੀ ਗਿਣਤੀ 17,225 ਹੋ ਗਈ ਹੈ, ਜਦਕਿ 3,95,500 ਲੋਕ ਇਨਫੈਕਟਡ ਹੋਏ ਹਨ।

ਇਟਲੀ 'ਚ ਇਨਫੈਕਟਡ ਲੋਕਾਂ ਦਾ ਅੰਕੜਾ ਵੀ ਪੰਜ ਹਜ਼ਾਰ ਦੇ ਕਰੀਬ ਵੱਧ ਗਿਆ ਹੈ। ਇਨਫੈਕਟਡ ਲੋਕਾਂ ਦੀ ਗਿਣਤੀ ਸੋਮਵਾਰ ਨੂੰ 63,927 ਦੇ ਮੁਕਾਬਲੇ ਮੰਗਲਵਾਰ ਨੂੰ 69,176 ਹੋ ਗਈ। ਵੈਸੇ ਇਨਫੈਕਟਡ ਲੋਕਾਂ ਦੀ ਗਿਣਤੀ 10 ਗੁਣਾ ਜ਼ਿਆਦਾ ਹੋਣ ਦਾ ਖਤਰਾ ਪ੍ਰਗਟਾਇਆ ਜਾ ਰਿਹਾ ਹੈ। ਇਸਦੇ ਪਿੱਛੇ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਟੈਸਟ ਸਿਰਫ਼ ਉਨ੍ਹਾਂ ਲੋਕਾਂ ਦਾ ਕੀਤਾ ਜਾ ਰਿਹਾ ਹੈ ਜਿਹੜੇ ਕਿਸੇ ਨਾ ਕਿਸੇ ਕਾਰਨ ਹਸਪਤਾਲ ਪਹੁੰਚ ਰਹੇ ਹਨ। ਹਾਲਾਂਕਿ ਲੱਖਾਂ ਅਜਿਹੇ ਵਿਅਕਤੀ ਹੋ ਸਕਦੇ ਹਨ ਜਿਹੜੇ ਇਨਫੈਕਟਡ ਹਨ, ਪਰ ਉਨ੍ਹਾਂ ਦਾ ਟੈਸਟ ਨਹੀਂ ਕੀਤਾ ਗਿਆ।

ਸਿਵਲ ਪ੍ਰੋਟੈਕਸ਼ਨ ਏਜੰਸੀ ਦੇ ਮੁਖੀ ਏਂਜਿਲਾ ਬੋਰੇਲੀ ਨੇ ਲਾ ਰਿਪਬਲਿਕਾ ਅਖਬਾਰ ਨੂੰ ਕਿਹਾ ਕਿ ਹਰ 10 ਲੋਕਾਂ 'ਚ ਇਕ ਵਿਅਕਤੀ ਦੇ ਇਨਫੈਕਟਡ ਹੋਣ ਦਾ ਅਨੁਪਾਤ ਭਰੋਸੇਯੋਗ ਹੈ। ਇਸੇ ਅਨੁਪਾਤ ਨੂੰ ਆਧਾਰ ਮੰਨਿਆ ਜਾਵੇ ਤਾਂ ਦੇਸ਼ 'ਚ 6,40,000 ਲੋਕ ਇਨਫੈਕਟਡ ਹੋ ਸਕਦੇ ਹਨ।