ਦਲਜੀਤ ਮੱਕੜ (ਮਿਲਾਨ) : ਸਾਡਾ ਸਮਾਜ ਕਈ ਵਾਰ ਔਰਤ ਨੂੰ ਉਹ ਰੁਤਬਾ ਦੇਣ ਤੋਂ ਪਾਸਾ ਵੱਟ ਜਾਂਦਾ ਹੈ ਜਿਸ ਦੀ ਉਹ ਹੱਕਦਾਰ ਹੁੰਦੀ ਹੈ ਪਰ ਇਹ ਵੀ ਸੱਚ ਹੈ ਕਿ ਔਰਤ ਉਹ ਮੁਕਾਮ ਆਸਾਨੀ ਨਾਲ ਸਰ ਲੈਂਦੀ ਹੈ ਜਿਸ ਨੂੰ ਕਈ ਮਰਦ ਸੋਚਣ ਤੋਂ ਵੀ ਕਤਰਾਉਂਦੇ ਹਨ। ਅਜਿਹੀ ਹੀ ਪੰਜਾਬ ਦੀ ਧੀ ਹੈ ਹਰਮਨਦੀਪ ਜਿਸ ਨੇ ਆਪਣੇ ਦ੍ਰਿੜ ਇਰਾਦੇ ਤੇ ਅਣਥੱਕ ਮਿਹਨਤ ਸਦਕਾ ਸਿਰਫ 6 ਸਾਲ ਦੇ ਸਮੇਂ ’ਚ ਉਹ ਕਰ ਵਿਖਾਇਆ ਜਿਸ ਨੂੰ 30 ਸਾਲਾਂ ਤੋਂ ਇਟਲੀ ਰਹਿੰਦੇ ਪੁਰਸ਼ ਵੀ ਨਹੀ ਕਰ ਸਕੇ।

ਇਟਲੀ ਦੇ ਜ਼ਿਲ੍ਹਾ ਮਾਨਤੋਵਾ ਦੇ ਕਸਬਾ ਕਸਤੀਲਿਓਨੇ ਦੀ ਰਹਿਣ ਵਾਲੀ ਹਰਮਨਦੀਪ ਕੌਰ ਲਗਪਗ 6 ਸਾਲ ਪਹਿਲਾਂ ਪੰਜਾਬ ਤੋਂ ਇਟਲੀ ਆਈ ਸੀ। ਬਚਪਨ ਤੋਂ ਹੀ ਪੜ੍ਹਾਈ ’ਚ ਤੇਜ਼ ਹਰਮਨਦੀਪ ਨੇ ਇਟਲੀ ਆ ਕੇ ਸਭ ਤੋਂ ਪਹਿਲਾਂ ਇਟਾਲੀਅਨ ਭਾਸ਼ਾ ’ਚ ਆਪਣੀ ਪਕੜ ਬਣਾਈ। ਇਸ ਤੋਂ ਬਾਅਦ ਉਸ ਨੇ ਇਟਾਲੀਅਨ ਭਾਸ਼ਾ ’ਚ ਟੈਸਟ ਪਾਸ ਕਰ ਕੇ ਡਰਾਇਵਿੰਗ ਦਾ ਈ-ਲੈਵਲ ਲਾਇਸੈਂਸ ਲੈ ਕੇ ਉਹ ਕੰਮ ਕਰ ਵਿਖਾਇਆ ਜਿਸ ਨੂੰ ਇਥੋਂ ਦੇ ਭਾਰਤੀ ਸਭ ਤੋਂ ਔਖਾ ਮੰਨਦੇ ਹਨ। ਇਹ ਕੰਮ ਇੱਥੇ ਕਈ ਦਹਾਕਿਆਂ ਤੋਂ ਰਹਿ ਰਹੇ ਲੋਕ ਵੀ ਨਹੀਂ ਕਰ ਸਕੇ। ਉਸ ਦੀ ਕਾਮਯਾਬੀ ਜਿੱਥੇ ਭਾਰਤੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ, ਉੱਥੇ ਹੀ ਉਨ੍ਹਾਂ ਲੋਕਾਂ ਲਈ ਵੀ ਇਕ ਸਬਕ ਹੈ ਜੋ ਕਹਿੰਦੇ ਹਨ ਕਿ ਯੂਰਪੀ ਦੇਸ਼ਾਂ ’ਚ ਬੋਲੀ ਦੇ ਫ਼ਰਕ ਕਾਰਨ ਛੇਤੀ ਸਫਲ ਨਹੀਂ ਹੋਇਆ ਜਾ ਸਕਦਾ। ਛੇ ਸਾਲ ਪਹਿਲਾਂ ਇਟਲੀ ਆਈ 28 ਸਾਲਾ ਹਰਮਨਦੀਪ ਪੰਜਾਬ ਦੇ ਜ਼ਿਲ੍ਹਾ ਰੋਪੜ ਦੇ ਪਿੰਡ ਰੰਗੀਆਂ ਦੀ ਰਹਿਣ ਵਾਲੀ ਹੈ। ਪੰਜਾਬ ’ਚ ਐੱਮਐੱਸਸੀ ਕਰਨ ਮਗਰੋਂ ਉਸ ਨੇ ਇਟਲੀ ਆ ਕੇ ਵੀ ਪੜ੍ਹਾਈ ਜਾਰੀ ਰੱਖੀ ਅਤੇ ਕਿੱਤੇ ਵੱਜੋਂ ਬੱਸ ਦੀ ਡਰਾਈਵਰ ਹੋਣਾ ਚੁਣਿਆ। ਇਸ ਲਈ ਉਸ ਨੇ ਬੀ, ਸੀ, ਡੀ, ਈ ਤੇ ਕਈ ਹੋਰ ਲਾਇਸੈਂਸਾਂ ਦੇ ਟੈਸਟ ਪਾਸ ਕੀਤੇ। ਇਸ ਤੋਂ ਬਾਅਦ ਹੁਣ ਉਹ ਬਰੇਸੀਆ ’ਚ ਪਿਛਲੇ 2 ਮਹੀਨਿਆਂ ਤੋਂ ਬਤੌਰ ਬੱਸ ਡਰਾਈਵਰ ਕੰਮ ਕਰ ਰਹੀ ਹੈ। ਜਿਸ ਉਚਾਈ ’ਤੇ ਅੱਜ ਉਹ ਪਹੁੰਚੀ ਹੈ ਉੱਥੇ ਪਹੁੰਚਣਾ ਇਟਲੀ ਦੇ ਬਹੁਤੇ ਭਾਰਤੀ ਲੋਕਾਂ ਲਈ ਸੁਪਨੇ ਦੇ ਬਰਾਬਰ ਹੀ ਹੈ। ਆਪਣੀ ਸਫਲਤਾ ’ਤੇ ਉਸਦਾ ਕਹਿਣਾ ਸੀ ਕਿ ਮਿਹਨਤ ਕਰਨ ਨਾਲ ਹਰ ਮੰਜ਼ਿਲ ਨੂੰ ਪਾਇਆ ਜਾ ਸਕਦਾ ਤੇ ਇਸ ਲਈ ਦਿ੍ਰੜ ਇਰਾਦਿਆਂ ਦੀ ਲੋੜ ਹੁੰਦੀ ਹੈ।

ਡਰਾਈਵਿੰਗ ਟੈਸਟ ਸਬੰਧੀ ਸਿਖਲਾਈ ਵੀ ਦੇ ਚੁੱਕੀ ਹੈ ਹਰਮਨਦੀਪ ਕੌਰ

ਹਰਮਨਦੀਪ ਕੌਰ ਜਦੋਂ ਇਟਲੀ ਆਈ ਸੀ ਤਾਂ ਉਸ ਨੇ ਸਭ ਤੋਂ ਪਹਿਲਾਂ ਇੱਥੇ ਕਾਰ ਦਾ ਲਾਈਸੈਂਸ (ਬੀ ਪਤੈਨਤੇ) ਹਾਸਲ ਕੀਤਾ। ਉਨ੍ਹਾਂ ਦੇ ਪਤੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੋਵਾਂ ਨੇ ਇਕੱਠਿਆਂ ਹੀ ਸੀ, ਡੀ ਤੇ ਈ ਲਾਈਸੈਂਸ ਦੀ ਪੜ੍ਹਾਈ ਕੀਤੀ, ਜਿਸ ਤੋਂ ਬਾਅਦ ਦੋਵਾਂ ਨੇ ਬਹੁਤ ਸਾਰੇ ਬੱਚਿਆਂ ਨੂੰ ਟੈਸਟ ਪਾਸ ਕਰਨ ਲਈ ਸਿਖਲਾਈ ਵੀ ਦਿੱਤੀ। ਹਰਮਨਦੀਪ ਕੌਰ ਲਗਪਗ 50 ਤੋਂ 60 ਲੜਕੀਆਂ ਨੂੰ ਬੀ ਤੇ ਸੀ ਟੈਸਟ ਦੀ ਤਿਆਰੀ ਪੰਜਾਬੀ ਭਾਸ਼ਾ ’ਚ ਕਰਵਾ ਚੁੱਕੀ ਹੈ। ਇਸ ਤੋਂ ਇਲਾਵਾ ਹੁਣ ਉਹ ਇਟਲੀ ’ਚ ਬੱਚਿਆਂ ਨੂੰ ਕਾਰ ਡਰਾਈਵਿੰਗ ਦੀ ਸਿਖਲਾਈ ਦੇਣ ਲਈ ਸਕੂਲ ਖੋਲ੍ਹਣ ਸਬੰਧੀ ਕੋਰਸ ਵੀ ਕਰ ਰਹੀ ਹੈ।

Posted By: Rajnish Kaur