ਮਿਲਾਨ, ਦਲਜੀਤ ਮੱਕੜ : ਇਨਸਾਨ ਦੀ ਪਹਿਚਾਣ ਬਣਾਉਣ ਲਈ ਦੇ ਉਸ ਨਾਮ ਅਤੇ ਉਪਨਾਮ ਬਹੁਤ ਅਹਿਮੀਅਤ ਰੱਖਦੇ ਹਨ ਉਪਨਾਮ ਤੋਂ ਉਸ ਦੇ ਪਰਿਵਾਰ ਦਾ ਸਹਿਜੇ ਪਤਾ ਲੱਗ ਜਾਂਦਾ ਹੈ । ਭਾਰਤ ਵਿਚ ਬਹੁਤ ਘੱਟ ਇਨ੍ਹਾਂ ਗੱਲਾਂ ਵੱਲ ਧਿਆਨ ਦਿੱਤਾ ਜਾਂਦਾ ਹੈ ਪਰ ਵਿਦੇਸ਼ਾਂ ਵਿਚ ਖਾਸਕਰ ਇਟਲੀ ਵਿਚ ਹਰ ਬਾਸਿੰਦੇ ਦੇ ਨਾਮ ਨਾਲ ਉਪਨਾਮ ਹੋਣਾ ਲਾਜ਼ਮੀ ਹੈ, ਜਿਸ ਦੇ ਕਾਰਨ ਇੱਥੇ ਪ੍ਰਵਾਸੀ ਭਾਰਤੀਆਂ ਨੂੰ ਅਕਸਰ ਉਪਨਾਮ ਨਾ ਹੋਣ ਕਾਰਨ ਭਸੂੜੀ ਪਈ ਰਹਿੰਦੀ ਹੈ ।ਇਟਲੀ ਵਿੱਚ ਜਦੋਂ ਬੱਚਾ ਜਨਮ ਲੈਂਦਾ ਹੈ ਤਾਂ ਉਸ ਦੇ ਨਾਮ ਨਾਲ ਪਿਤਾ ਦਾ ਉਪਨਾਮ ਲਿਖਾਉਣਾ ਲਾਜ਼ਮੀ ਹੈ ਬਹੁਤ ਘੱਟ ਕੇਸ ਅਜਿਹੇ ਹੁੰਦੇ ਸਨ ਜਿੱਥੇ ਕਿ ਮਾਤਾ ਦਾ ਉਪਨਾਮ ਬੱਚੇ ਦੇ ਨਾਮ ਨਾਲ ਲੱਗਦਾ ਉਹ ਤਦ ਜੇ ਬੱਚੇ ਦੇ ਪਿਤਾ ਨਾਲ ਉਸ ਦੀ ਮਾਤਾ ਦਾ ਕੋਈ ਲੜਾਈ-ਝਗੜਾ ਚੱਲਦਾ ਹੈ ਨਹੀਂ ਤਾਂ ਜ਼ਿਆਦਾਤਰ ਪਿਤਾ ਦੇ ਉਪਨਾਮ ਨੂੰ ਬੱਚੇ ਦੇ ਨਾਮ ਨਾਲ ਲਿਖਿਆ ਜਾਂਦਾ ।ਇਸ ਕਾਨੂੰਨ ਨਾਲ ਹੋਰ ਕਿਸੇ ਨੂੰ ਪ੍ਰੇਸ਼ਾਨੀ ਹੁੰਦੀ ਹੋਵੇ ਜਾਂ ਨਾ ਪਰ ਸਿੱਖ ਪਰਿਵਾਰਾਂ ਨੂੰ ਇਸ ਕਾਨੂੰਨ ਕਾਰਨ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਨਾਲ ਜੂਝਣਾ ਪੈਂਦਾ ਸੀ ਕਿਉਂ ਕਿ ਜਦੋਂ ਸਿੱਖ ਪਰਿਵਾਰ'ਚ ਮੁੰਡਾ ਜਨਮ ਲੈਂਦਾ ਹੈ ਤਾਂ ਉਸ ਦੇ ਨਾਮ ਨਾਲ ਉਸ ਦੇ ਪਿਤਾ ਦਾ ਉਪਨਾਮ ਸਿੰਘ ਲੱਗਦਾ ਤੇ ਜਦੋਂ ਕੁੜੀ ਜਨਮ ਲੈਂਦੀ ਤਾਂ ਉਸ ਦੇ ਨਾਮ ਨਾਲ ਉਸ ਦੀ ਮਾਤਾ ਦਾ ਉਪਨਾਮ ਕੌਰ ਲੱਗਦਾ ।

ਇਟਲੀ ਵਿਚ ਬਹੁਤ ਸਾਰੇ ਅਜਿਹੇ ਸਿੱਖ ਪਰਿਵਾਰ ਹਨ, ਜਿਹਨਾਂ ਨੇ ਇਟਾਲੀਅਨ ਕਾਨੂੰਨ ਕਾਰਨ ਆਪਣੀਆਂ ਕੁੜੀਆਂ ਦੇ ਨਾਮ ਨਾਲ ਪਿਤਾ ਦਾ ਉਪਨਾਮ ਸਿੰਘ ਲਿਖਵਾਇਆ ਮਾਤਾ ਦਾ ਉਪਨਾਮ ਕੌਰ ਨਹੀਂ ਤਾਂ ਜੋ ਇਨਾਂ ਬੱਚੀਆਂ ਨੇ ਜਦੋਂ ਆਪਣੇ ਪਿਤਾ ਨਾਲ ਇਟਲੀ ਦੀ ਨਾਗਰਿਕਤਾ ਲੈਣੀ ਹੋਵੇਗੀ ਤਾਂ ਉਹਨਾਂ ਨੂੰ ਕਿਸੇ ਕਾਨੂੰਨੀ ਕਾਰਵਾਈ ਵਿਚ ਪੂਰਾ ਨਾਲ ਹੋਣ ਕਾਰਨ ਨਾਗਰਿਕਤਾ ਵਾਲੀ ਸਹੂਲਤ ਤੋਂ ਵਾਂਝਾ ਨਾ ਕਰ ਦਿੱਤਾ ਜਾਵੇ।

ਇਟਲੀ ਵਿੱਚ ਸਰਕਾਰ ਨੇ ਅਜਿਹੇ ਕਾਨੂੰਨ ਨੂੰ ਹੁਣ ਸਰਲ ਕਰਦਿਆਂ ਇਤਿਹਾਸਕ ਫੈਸਲਾ ਕਰ ਦਿੱਤਾ ਹੈ ਜਿਸ ਅਨੁਸਾਰ ਹੁਣ ਬੱਚੇ ਦੇ ਨਾਮ ਨਾਲ ਉਸ ਦੇ ਪਿਤਾ ਦੇ ਉਪਨਾਮ ਦੇ ਨਾਲ ਮਾਤਾ ਦਾ ਉਪਨਾਮ ਵੀ ਲਾਜ਼ਮੀ ਲਿਖਿਆ ਜਾਵੇ ਤਾਂ ਜੋ ਸਮਾਨਤਾ ਬਣੀ ਰਹੇ।ਇਸ ਕਾਨੂੰਨ ਨਾਲ ਹੋਰ ਕਿਸੇ ਪ੍ਰਵਾਸੀ ਨੂੰ ਕੋਈ ਫਾਇਦਾ ਹੋਵੇ ਜਾਂ ਨਾ ਪਰ ਭਾਰਤੀ ਸਿੱਖ ਪਰਿਵਾਰਾਂ ਲਈ ਇਹ ਕਾਨੂੰਨੀ ਸੋਧ ਬਹੁਤ ਹੀ ਜਿ਼ਆਦਾ ਲਾਹੇਵੰਦ ਸਿੱਧ ਹੋਵੇਗੀ ਕਿਉਂ ਕਿ ਹੁਣ ਇਟਲੀ ਦੇ ਸਿੱਖ ਪਰਿਵਾਰ ਘਰ ਵਿੱਚ ਜਨਮ ਲੈਣ ਵਾਲੇ ਬੱਚੇ ਨਾਲ ਜੇਕਰ ਮੁੰਡਾ ਹੈ ਤਾਂ ਸਿੰਘ ਤੇ ਜੇਕਰ ਕੁੜੀ ਹੈ ਤਾਂ ਕੌਰ ਜਨਮ ਸਰਟੀਫਿਕੇਟ ਉਪੱਰ ਲਿਖਵਾ ਸਕਦੇ ਹਨ ਜਿਸ ਨਾਲ ਸਿੱਖ ਪਰਿਵਾਰਾਂ ਦੇ ਬੱਚਿਆਂ ਨੂੰ ਮਾਪਿਆਂ ਨਾਲ ਇਟਲੀ ਦੀ ਨਾਗਰਿਕਤਾ ਲੈਣ ਸਮੇਂ ਕੋਈ ਦਿੱਕਤ ਪੇਸ਼ ਨਹੀਂ ਆਵੇਗੀ।

ਇਸ ਕਾਨੂੰਨ ਸੰਬਧੀ ਇਟਲੀ ਦੀ ਸੰਵਿਧਾਨਕ ਅਦਾਲਤ ਨੇ ਹਾਲ ਹੀ ਵਿੱਚ ਫੈਸਲਾ ਸੁਣਾਇਆ ਹੈ ਕਿ ਉਹ ਸਾਰੇ ਮਾਪਦੰਡ ਜੋ ਆਪਣੇ ਆਪ ਹੀ ਪਿਤਾ ਦੇ ਉਪਨਾਮ ਨੂੰ ਉਸਦੇ ਬੱਚਿਆਂ ਲਈ ਵਿਸ਼ੇਸ਼ਤਾ ਦਿੰਦੇ ਹਨ, ਗੈਰ-ਕਾਨੂੰਨੀ ਹਨ। ਅਦਾਲਤ ਨੇ ਆਪਣੇ ਫ਼ੈਸਲੇ ਵਿੱਚ ਅੱਗੇ ਕਿਹਾ ਕਿ ਮਾਤਾ-ਪਿਤਾ ਦੋਵਾਂ ਦੇ ਉਪਨਾਮ ਬੱਚਿਆਂ ਨੂੰ ਦਿੱਤੇ ਜਾਣ। ਸਿਖਰਲੀ ਅਦਾਲਤ ਨੇ ਕਿਹਾ ਕਿ ਪਿਤਾ ਦੇ ਨਾਮ ਨੂੰ ਉਸਦੇ ਬੱਚਿਆਂ ਨਾਲ ਜੋੜਨ ਦਾ ਨਿਯਮ "ਭੇਦਭਾਵਪੂਰਨ ਅਤੇ ਬੱਚੇ ਦੀ ਪਛਾਣ ਨੂੰ ਨੁਕਸਾਨ ਪਹੁੰਚਾਉਣ ਵਾਲਾ" ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਬੱਚਿਆਂ ਨੂੰ ਮਾਤਾ ਪਿਤਾ ਦੀ ਸਹਿਮਤੀ ਨਾਲ ਦੋਵਾਂ ਦੇ ਉਪਨਾਮ ਦਿੱਤੇ ਜਾਣੇ ਚਾਹੀਦੇ ਹਨ ਜਾਂ ਫੇਰ ਮਾਪੇ ਸਹਿਮਤ ਹੋ ਸਕਦੇ ਹਨ ਕਿ ਉਨ੍ਹਾਂ ਦੇ ਬੱਚਿਆਂ ਨੂੰ ਉਨ੍ਹਾਂ ਵਿੱਚੋਂ ਸਿਰਫ਼ ਇੱਕ ਦਾ ਉਪਨਾਮ ਰੱਖਣਾ ਚਾਹੀਦਾ ਹੈ। ਇਸ ਕਾਨੂੰਨ ਨਾਲ ਇਟਲੀ ਦੇ ਸਿੱਖ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਦੇਖੀ ਜਾ ਰਹੀ ਹੈ ਤੇ ਉਹਨਾਂ ਵੱਲੋਂ ਆਪਣੇ ਤੌਰ ਤੇ ਸਰਕਾਰ ਦਾ ਇਸ ਕਾਨੂੰਨ ਲਈ ਉਚੇਚਾ ਧੰਨਵਾਦ ਵੀ ਕੀਤਾ ਗਿਆ ਹੈ।

Posted By: Shubham Kumar