ਮਿਲਾਨ (ਦਲਜੀਤ ਮੱਕੜ) : ਉੱਤਰੀ ਇਟਲੀ 'ਚ ਸਥਿਤ ਗੁਰਦੁਆਰਾ ਮਾਤਾ ਸਾਹਿਬ ਕੌਰ ਕੋਵੋ ਬੈਰਗਾਮੋ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 5 ਸਤੰਬਰ ਨੂੰ ਕਲਤੂਰਾ ਸਿੱਖ ਇਟਲੀ ਅਤੇ ਸਮੂਹ ਨੌਜਵਾਨ ਸਭਾ ਕੋਵੋ ਵਲੋਂ ਸਿੱਖੀ ਨੂੰ ਪ੍ਰਫੂਲਿਤ ਕਰਨ ਲਈ ਦੁਮਾਲਾ ਅਤੇ ਦਸਤਾਰ ਮੁਕਾਬਲੇ ਕਰਵਾਏ ਜਾਣਗੇ। ਇਸ ਸੰਬੰਧੀ ਕਲਤੂਰਾ ਸਿੱਖ ਦੇ ਮੈਂਬਰਾਂ ਵਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਵਿਦੇਸ਼ਾਂ ਦੀ ਧਰਤੀ ਤੇ ਸਾਡੇ ਗੁਰੂ ਸਾਹਿਬਾਨਾਂ ਵਲੋਂ ਬਖ਼ਸ਼ੀ ਹੋਈ ਦਾਤ ਦਸਤਾਰ ਤੇ ਦੁਮਾਲਾ ਸਜਾਉਣ ਨੂੰ ਪ੍ਰਫੁੱਲਿਤ ਕਰਨ ਲਈ ਇਸ ਤਰ੍ਹਾਂ ਦੇ ਪ੍ਰੋਗਰਾਮ ਅੱਜ ਦੇ ਸਮੇਂ ਵਿੱਚ ਕਰਵਾਏ ਜਾਣੇ ਬਹੁਤ ਹੀ ਜ਼ਰੂਰੀ ਹਨ ਕਿਉਂਕਿ ਜੇਕਰ ਆਪਣੇ ਬੱਚਿਆਂ ਨੂੰ ਸਿੱਖੀ ਵੱਲ ਪ੍ਰੇਰਿਤ ਕਰਨਾ ਹੈ ਤਾਂ ਸਾਨੂੰ ਇਸ ਤਰ੍ਹਾਂ ਦੇ ਮੁਕਾਬਲੇ ਜਾਂ ਸਮਾਗਮ ਕਰਵਾਉਂਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਵਲੋਂ ਪੂਰੀ ਇਟਲੀ 'ਚ ਵਸਦੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਮੁਕਾਬਲੇ 'ਚ ਜ਼ਰੂਰ ਭਾਗ ਲੈਣ ਕਿਉਂਕਿ ਇਸ ਮੁਕਾਬਲੇ 'ਚ ਭਾਗ ਲੈਣ ਵਾਲੇ ਮੁਕਾਬਲੇਬਾਜ਼ਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ 'ਚ ਲੜਕੇ ਤੇ ਲੜਕੀਆਂ ਦੋਵੇਂ ਹੀ ਹਿੱਸਾ ਲੈ ਸਕਦੇ ਹਨ। ਇਹ ਸਾਰੇ ਪ੍ਰੋਗਰਾਮ ਸਿੱਖ ਟੀਵੀ ਰਾਹੀਂ ਯੂਟਿਉਬ ਤੇ ਫੇਸਬੁੱਕ 'ਤੇ ਲਾਈਵ ਦਿਖਾਏ ਜਾਣਗੇ।

Posted By: Seema Anand