ਰੋਮ (ਏਜੰਸੀਆਂ) : ਉੱਤਰੀ ਇਟਲੀ ਦੇ ਇਕ ਡੇਅਰੀ ਫਾਰਮ 'ਚ ਗੋਬਰ ਗੈਸ ਟੈਂਕ 'ਚ ਉਤਰੇ ਭਾਰਤੀ ਮੂਲ ਦੇ ਚਾਰ ਸਿੱਖਾਂ ਦੀ ਮੌਤ ਹੋ ਗਈ। ਸ਼ੱਕ ਪ੍ਰਗਟਾਇਆ ਗਿਆ ਹੈ ਕਿ ਉਹ ਗੋਬਰ ਦੀ ਖਾਦ ਬਣਾਉਣ ਲਈ ਇਸਤੇਮਾਲ ਹੋਣ ਵਾਲੇ ਟੈਂਕ 'ਚ ਬਣੀ ਕਾਰਬਨ ਡਾਈਆਕਸਾਈਡ ਦੀ ਲਪੇਟ 'ਚ ਆ ਗਏ। ਚਾਰੋਂ ਪੰਜਾਬ ਦੇ ਰਹਿਣ ਵਾਲੇ ਸਨ।

ਸਥਾਨਕ ਮੀਡੀਆ ਮੁਤਾਬਕ, ਇਹ ਘਟਨਾ ਵੀਰਵਾਰ ਨੂੰ ਦੱਖਣੀ ਮਿਲਾਨ ਦੇ ਪਾਵੀਆ ਸ਼ਹਿਰ ਦੇ ਨਜ਼ਦੀਕ ਸਥਿਤ ਏਰਿਨਾ ਪੋ ਇਲਾਕੇ ਦੇ ਇਕ ਡੇਅਰੀ ਫਾਰਮ 'ਚ ਹੋਈ। ਮਿ੍ਤਕਾਂ 'ਚ ਪ੍ਰੇਮ (48) ਤੇ ਤਰਸੇਮ ਸਿੰਘ (45) ਭਰਾ ਸਨ, ਜੋ ਫਾਰਮ ਚਲਾ ਰਹੇ ਸਨ। ਜਦਕਿ ਅਰਮਿੰਦਰ ਸਿੰਘ (29) ਤੇ ਮਨਜਿੰਦਰ ਸਿੰਘ (28) ਦੋ ਮਜ਼ਦੂਰ ਸਨ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਖੇਤਾਂ 'ਚ ਗੋਬਰ ਦੀ ਖਾਦ ਪਾਉਣ ਲਈ ਟੈਂਕ ਖਾਲੀ ਕਰਦੇ ਸਮੇਂ ਇਕ ਮਜ਼ਦੂਰ ਉਸ 'ਚ ਫੱਸ ਗਿਆ ਸੀ। ਉਸ ਨੂੰ ਬਚਾਉਣ ਲਈ ਤਿੰਨ ਲੋਕ ਟੈਂਕ 'ਚ ਉਤਰੇ ਸਨ। ਦੁਪਹਿਰ ਦੇ ਖਾਣੇ 'ਤੇ ਜਦੋਂ ਉਹ ਘਰ ਨਹੀਂ ਗਏ ਤਾਂ ਉਨ੍ਹਾਂ ਦੀਆਂ ਪਤਨੀਆਂ ਮੌਕੇ 'ਤੇ ਪਹੁੰਚੀਆਂ। ਉਨ੍ਹਾਂ ਨੂੰ ਟੈਂਕ 'ਚ ਇਕ ਲਾਸ਼ ਦਿਖਾਈ ਦਿੱਤੀ। ਉਨ੍ਹਾਂ ਤੁਰੰਤ ਫਾਇਰ ਬਿ੍ਗੇਡ ਵਿਭਾਗ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੇ ਫਾਇਰ ਬਿ੍ਗੇਡ ਮੁਲਾਜ਼ਮਾਂ ਨੇ ਮਾਸਕ ਲਗਾ ਕੇ ਟੈਂਕ ਖਾਲੀ ਕੀਤਾ ਤੇ ਸਾਰਿਆਂ ਦੀਆਂ ਲਾਸ਼ਾਂ ਬਾਹਰ ਕੱਢੀਆਂ।

ਪਾਵੀਆ ਸੂਬੇ 'ਚ ਸਭ ਤੋਂ ਵੱਡਾ ਡੇਅਰੀ ਫਾਰਮ

ਇਟਲੀ ਦੇ ਮੀਡੀਆ ਮੁਤਾਬਕ, ਦੋਵਾਂ ਭਰਾਵਾਂ ਨੇ ਆਪਣੇ ਡੇਅਰੀ ਫਾਰਮ ਦੀ 2017 'ਚ ਰਜਿਸਟ੍ਰੇਸ਼ਨ ਕਰਾਈ ਸੀ। ਉਨ੍ਹਾਂ ਦਾ ਡੇਅਰੀ ਫਾਰਮ ਇਟਲੀ ਦੇ ਪਾਵੀਆ ਸੂਬੇ 'ਚ ਸਭ ਤੋਂ ਵੱਡਾ ਮੰਨਿਆ ਜਾਂਦਾ ਹੈ।

ਇਟਲੀ ਦੇ ਖੇਤੀ ਮੰਤਰੀ ਨੇ ਪ੍ਰਗਟਾਇਆ ਦੁਖ

ਇਟਲੀ ਦੇ ਖੇਤੀ ਮੰਤਰੀ ਟੈਰੇਸਾ ਬੇਲਾਨੋਵਾ ਨੇ ਸਿੱਖਾਂ ਦੀ ਮੌਤ 'ਤੇ ਸੋਗ ਪ੍ਰਗਟਾਉਂਦੇ ਹੋਏ ਟਵੀਟ ਕੀਤਾ, 'ਦਫ਼ਤਰ 'ਚ ਸੁਰੱਖਿਆ ਪ੍ਰਬੰਧ ਲਾਜ਼ਮੀ ਹਨ ਤੇ ਸਾਨੂੰ ਇਹ ਯਕੀਨੀ ਬਣਾਉਣ ਲਈ ਸਾਰੀਆਂ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ।'