ਦਲਜੀਤ ਮੱਕੜ, ਮਿਲਾਨ (ਇਟਲੀ) : ਨੌਜਵਾਨਾਂ ਨੂੰ ਖੇਡਾਂ ਨਾਲ ਜੋੜੀ ਰੱਖਣ ਤੇ ਵਿਦੇਸ਼ਾਂ ਵਿੱਚ ਕਬੱਡੀ ਨੂੰ ਪ੍ਰਫੁੱਲਿਤ ਕਰਨ ਲਈ ਨੌਜਵਾਨ ਸਭਾ ਵੇਰੋਨਾ ਮਨਤੋਵਾ ਵਲੌਂ ਸ੍ਰੀ ਗੁਰੂ ਨਾਨਕ ਦੇਵ ਜੀ ਟਰੱਸਟ, ਇਟਲੀ ਦੇ ਵਿਸ਼ੇਸ਼ ਸਹਿਯੋਗ ਸਦਕਾ ਵਿਸ਼ਾਲ ਖੇਡ ਮੇਲਾ ਕਰਵਾਇਆ ਗਿਆ। ਮੇਲਾ ਦੇਖਣ ਲਈ ਵੱਡੀ ਗਿਣਤੀ ਵਿੱਚ ਦਰਸ਼ਕਾਂ ਅਤੇ ਖੇਡ ਪ੍ਰੇਮੀਆਂ ਨੇ ਹੁੰਮ ਹੁੰਮਾ ਕੇ ਭਾਗ ਲਿਆ। ਇਸ ਕਬੱਡੀ ਟੂਰਨਾਮੈਂਟ ਦੌਰਾਨ ਉਪਨ ਕਬੱਡੀ ਦੀਆ 7 ਟੀਮਾਂ ਨੇ ਭਾਗ ਲਿਆ ਜਿਨ੍ਹਾਂ ਦੇ ਗਹਿਗੱਚ ਮੁਕਾਬਲਿਆਂ ਨੇ ਦਰਸ਼ਕਾਂ ਨੂੰ ਮੈਦਾਨ 'ਚ ਜੋੜੀ ਰੱਖਿਆ। ਫਾਈਨਲ ਮੁਕਾਬਲਾ ਬਾਬਾ ਕਾਹਨ ਦਾਸ ਸਪੋਰਟਸ ਕਲੱਬ, ਵਿਚੈਂਸਾ ਅਤੇ ਗੁਰਦਵਾਰਾ ਸਿੰਘ ਸਭਾ ਸਪੋਰਟਸ ਕਲੱਬ, ਕੋਰਤੇਨੋਵਾ (ਬੈਰਗਾਮੋ ) ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਇਸ ਵਿਚ ਕੋਰਤੇਨੋਵਾ ਦੀ ਟੀਮ ਜੇਤੂ ਰਹੀ, ਜਦਕਿ ਵਿਚੈਂਸਾ ਦੀ ਟੀਮ ਦੂਸਰੇ ਸਥਾਨ 'ਤੇ ਰਹੀ।

ਜੇਤੂ ਟੀਮਾਂ ਨੂੰ ਨਕਦ ਇਨਾਮ ਅਤੇ ਕੱਪ ਦੇ ਕੇ ਸਨਮਾਨਿਤ ਕੀਤਾ ਗਿਆ। ਰੌਕ ਬਾਠ ਅਤੇ ਯੋਧਾ ਚੱਕ ਚੇਲਾ ਨੂੰ ਬੈਸਟ ਧਾਵੀ ਅਤੇ ਸਾਬੀ ਖਾਨਪੁਰ ਨੂੰ ਬੈਸਟ ਜਾਫੀ ਐਲਾਨਿਆ ਗਿਆ। ਨੈਨਲ ਕਬੱਡੀ ਦਾ ਸ਼ੋਅ ਮੈਚ ਬੈਰਗਾਮੋ ਅਤੇ ਫਿਰੈਂਸਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ।ਇਸ ਟੂਰਨਾਮੈਂਟ ਵਿੱਚ ਬੱਚਿਆਂ ਦੀਆਂ ਦੌੜਾਂ ਅਤੇ ਡੰਡ ਬੈਠਕਾਂ ਵੀ ਮੇਲੇ ਦਾ ਆਕਰਸ਼ਨ ਬਣੇ ।ਪੰਜਾਬੀ ਭੰਗੜਾ ਬੁਆਇਜ ਐਂਡ ਗਰਲਜ ਦੇ ਪੰਜਾਬੀ ਗਭਰੂਆਂ ਅਤੇ ਗੋਰੀਆਂ ਵਲੋਂ ਭੰਗੜੇ ਦੀ ਪੇਸ਼ਕਾਰੀ ਨੇ ਸਭ ਦੇ ਮਨ ਮੋਹ ਲਏ । ਹਰ ਖੇਡ ਮੇਲੇ ਦੀ ਤਰਾਂ 9 ਸਾਲਾ ਪ੍ਰਭਏਕ ਸਿੰਘ ਨੇ ਦੰਦਾਂ ਨਾਲ ਬੁਲੇਟ ਮੋਟਰਸਾਈਕਲ ਖਿੱਚਿਆ। ਨੌਜਵਾਨ ਸਭਾ ਵੇਰੋਨਾ ਮਨਤੋਵਾ ਵਲੋਂ ਟੂਰਨਾਮੈਟ ਵਿੱਚ ਬਣਦਾ ਯੋਗਦਾਨ ਪਾਉਣ ਵਾਲੀਆਂ ਸਖਸ਼ੀਅਤਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਖੇਡ ਮੇਲੇ ਦੇ ਪ੍ਰਬੰਧਕਾਂ ਪਿੰਦੀ ਚਾਹਲ , ਲੱਕੀ ਕਸਤੀਲਿਉਨੇ , ਕਮਲ ਮਨਤੋਵਾ , ਲਾਡਾ ਵੇਰੋਨਾ , ਹਰਦੀਪ ਨੋਗਾਰਾ , ਬਲਰਾਜ ਵੇਰੋਨਾ, ਰਾਜਾ ਕਸਤੇਲਦਾਰੀਉ ਨੇ ਸਮੂਹ ਖੇਡ ਕਲੱਬਾਂ, ਟੀਮਾ ਅਤੇ ਖੇਡ ਪ੍ਰੇਮੀਆਂ ਦਾ ਮੇਲੇ ਦੀ ਸਫਲਤਾ ਲਈ ਵਿਸ਼ੇਸ਼ ਧੰਨਵਾਦ ਕੀਤਾ ।

Posted By: Seema Anand