ਮਿਲਾਨ (ਦਲਜੀਤ ਮੱਕੜ) : ਇਟਲੀ ’ਚ ਅਗਲੇ ਮਹੀਨੇ ਤੋਂ ਲੋਕਾਂ ਲਈ ਕੋਵਿਡ-19 ਦੀਆ ਘਰੇਲੂ ਟੈਸਟਿੰਗ ਕਿੱਟਾਂ ਆਮ ਲੋਕਾਂ ਲਈ ਉਪਲਬਧ ਹੋਣਗੀਆਂ। ਸਿਹਤ ਮੰਤਰਾਲੇ ਨੇ ਇਹ ਕਿੱਟਾਂ ਫਾਰਮੇਸੀਆਂ, ਸੁਪਰ ਮਾਰਕੀਟਾਂ ਤੇ ਹੋਰ ਦੁਕਾਨਾਂ ਵਿਚ ਵੇਚਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਕੋਵਿਡ 19 ਦੀਆਂ ਹੋਮ ਟੈਸਟਿੰਗ ਕਿੱਟਾਂ ਪਹਿਲਾਂ ਹੀ ਕਈ ਹੋਰ ਯੂਰਪੀਅਨ ਦੇਸ਼ਾਂ ’ਚ ਵਰਤੀਆਂ ਜਾਂਦੀਆਂ ਹਨ ਜੋ ਲਗਭਗ 15 ਮਿੰਟ ’ਚ ਨਤੀਜੇ ਦਿੰਦੀਆਂ ਹਨ ਤੇ ਕੋਵਿਡ ਦੇ ਮੌਜੂਦਾ ਸਮੇਂ ’ਚ ਜਾਣੇ ਜਾਂਦੇ ਸਾਰੇ ਰੂਪਾਂ ਦਾ ਪਤਾ ਲਗਾ ਸਕਦੀਆਂ ਹਨ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਹਰੇਕ ਕਿੱਟ ਦੀ ਕੀਮਤ ਇਟਲੀ ’ਚ 6-8 ਯੂਰੋ ਦੀ ਹੋਵੇਗੀ।

ਟੈਸਟ ਇਕੱਲੇ ਇਕਾਈਆਂ ਦੇ ਰੂਪ ’ਚ ਅਤੇ ਪੰਜ ਜਾਂ 20 ਦੇ ਪੈਕ ’ਚ ਵੇਚੇ ਜਾਣਗੇ ਇਹਨਾਂ ‘ਸਵੈ-ਜਾਂਚ’ ਟੈਸਟਾਂ ਨੂੰ ਸਿਹਤ ਮੰਤਰਾਲੇ ਨੇ ਇਕ ਤਾਜ਼ਾ ਅਪਡੇਟ ’ਚ ਪ੍ਰਵਾਨਗੀ ਦਿੱਤੀ ਸੀ ਤੇ ਮਈ ਤੱਕ ਦੇਸ ਭਰ ਵਿੱਚ ਵਿਕਰੀ ਹੋਣ ਦੀ ਉਮੀਦ ਹੈ। ਇਹ ਹੋਮ ਟੈਸਟਿੰਗ ਕਿੱਟਾਂ ਪਹਿਲਾਂ ਹੀ ਯੂਕੇ, ਆਸਟ੍ਰੀਆ, ਜਰਮਨੀ ਤੇ ਪੁਰਤਗਾਲ ਵਿਚ ਵਰਤੀਆਂ ਜਾਂਦੀਆਂ ਹਨ, ਜਦਕਿ ਫਰਾਂਸ ਨੇ ਵੀ ਹਾਲ ਹੀ ’ਚ ਉਨ੍ਹਾਂ ਨੂੰ ਫਾਰਮੇਸੀਆਂ ਵਿਚ ਵੇਚਣ ਲਈ ਮਨਜ਼ੂਰੀ ਦਿੱਤੀ ਹੈ।

Posted By: Sunil Thapa