ਵੈਟੀਕਨ ਸਿਟੀ (ਏਪੀ) : ਕੋਰੋਨਾ ਵਾਇਰਸ ਤੋਂ ਬਚਾਅ ਦੀ ਵੈਕਸੀਨ ਦੀ ਉਪਲਬਧਤਾ 'ਚ ਕਿਸੇ ਤਰ੍ਹਾਂ ਦਾ ਭੇਦਭਾਵ ਨਾ ਹੋਵੇ। ਇਸ 'ਚ ਅਮੀਰਾਂ ਨੂੰ ਪਹਿਲ ਦੇ ਕੇ ਗ਼ਰੀਬਾਂ ਨੂੰ ਪਿੱਛੇ ਨਾ ਛੱਡਿਆ ਜਾਵੇ। ਇਹ ਗੱਲ ਈਸਾਈਆਂ ਦੇ ਸਭ ਤੋਂ ਵੱਡੇ ਧਰਮ ਗੁਹੂ ਪੋਪ ਫਰਾਂਸਿਸ ਨੇ ਕਹੀ। ਉਹ ਸ਼ਰਧਾਲੂਆਂ ਦੀ ਸਭਾ ਨੂੰ ਸੰਬੋਧਨ ਕਰ ਰਹੇ ਸਨ।

ਪੋਪ ਨੇ ਕਿਹਾ, ਕੋਵਿਡ-19 ਮਹਾਮਾਰੀ ਇਕ ਤ੍ਸਾਦੀ ਹੈ। ਇਸ ਤੋਂ ਤਾਂ ਹੀ ਛੁਟਕਾਰਾ ਮਿਲ ਸਕਦਾ ਹੈ ਜਦੋਂ ਬਿਨਾਂ ਭੇਦਭਾਵ ਦੇ ਕੋਸ਼ਿਸ਼ ਕੀਤੀ ਜਾਵੇ। ਇਸ ਲਈ ਸਾਨੂੰ ਸਿਹਤ ਤੇ ਚੰਗੇ ਤੌਰ-ਤਰੀਕੇ ਅਪਣਾਉਣੇ ਹੋਣਗੇ। ਮਹਾਮਾਰੀ ਫੈਲਣ ਤੋਂ ਬਾਅਦ ਪੋਪ ਨੇ ਕਿਹਾ ਸੀ ਕਿ ਅਸੀਂ ਉਦੋਂ ਤਕ ਆਮ ਹਾਲਾਤਾਂ 'ਚ ਨਹੀਂ ਆ ਸਕਦੇ ਜਦੋਂ ਤਕ ਸਹੀ ਮਾਇਨਿਆਂ 'ਚ ਸਮਾਜਿਕ ਨਿਆਂ ਨਹੀਂ ਮਿਲਦਾ ਤੇ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣਾ ਬੰਦ ਨਹੀਂ ਹੁੰਦਾ। ਉਨ੍ਹਾਂ ਸਵਾਲ ਕੀਤਾ ਕਿ ਇਹ ਕਿੰਨਾ ਦੁਖੀ ਕਰਨ ਵਾਲਾ ਹੋਵੇਗਾ ਜੇ ਵੈਕਸੀਨ ਸਭ ਤੋਂ ਪਹਿਲਾਂ ਅਮੀਰਾਂ ਨੂੰ ਮਿਲੇ। ਇਹ ਬਹੁਤ ਵੱਡਾ ਘਪਲਾ ਹੋਵੇਗਾ ਜੇ ਸਰਕਾਰੀ ਮਦਦ ਸਿਰਫ ਸਨਅਤਾਂ ਨੂੰ ਦੇ ਦਿੱਤੀ ਜਾਵੇ ਤੇ ਗ਼ਰੀਬਾਂ ਤੇ ਵਾਤਾਵਰਨ ਦੀ ਸਹਾਇਤਾ ਦੀ ਅਣਦੇਖੀ ਕਰ ਦਿੱਤੀ ਜਾਵੇ।

ਪੋਪ ਨੇ ਕਿਹਾ ਕਿ ਮਹਾਮਾਰੀ ਨੇ ਦੁਨੀਆ ਦੇ ਗ਼ਰੀਬਾਂ ਲਈ ਵੱਡੀ ਸਮੱਸਿਆ ਪੈਦਾ ਕਰ ਦਿੱਤੀ ਹੈ। ਇਸ ਨਾਲ ਗ਼ੈਰ-ਬਰਾਬਰੀ ਹੋਰ ਵਧੇਗੀ। ਵਾਇਰਸ ਨੇ ਸਾਰਿਆਂ ਨੂੰ ਆਪਣੀ ਲਪੇਟ 'ਚ ਲਿਆ ਹੈ। ਉਸ ਨੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣ 'ਚ ਕੋਈ ਵਿਤਕਰਾ ਨਹੀਂ ਕੀਤਾ। ਉਹ ਬਰਬਾਦੀ, ਗ਼ਰੀਬੀ ਤੇ ਗ਼ੈਰ-ਬਰਾਬਰੀ ਪੈਦਾ ਕਰ ਰਿਹਾ ਹੈ। ਆਉਣ ਵਾਲੇ ਸਮੇਂ 'ਚ ਇਹ ਸਾਰੀਆਂ ਸਮੱਸਿਆਵਾਂ ਹੋਰ ਵੱਧਣਗੀਆਂ। ਮਹਾਮਾਰੀ ਦੌਰਾਨ ਬਹੁਤ ਸਾਰੇ ਗ਼ਰੀਬਾਂ ਨੂੰ ਘਰ ਤੋਂ ਕੰਮ ਕਰਨ ਦੀ ਸਹੂਲਤ ਨਹੀਂ ਦਿੱਤੀ ਗਈ। ਇਸ ਕਾਰਨ ਉਨ੍ਹਾਂ 'ਚੋਂ ਬਹੁਤ ਸਾਰਿਆਂ ਦਾ ਰੁਜ਼ਗਾਰ ਗੁਆ ਦਿੱਤਾ। ਦੁਨੀਆ ਦੇ ਵੱਡੇ ਹਿੱਸੇ 'ਚ ਗ਼ਰੀਬਾਂ ਨੂੰ ਚੰਗੀ ਸਿਹਤ ਸੇਵਾ ਵੀ ਨਹੀਂ ਮਿਲ ਰਹੀ। ਛੋਟੇ ਜਿਹੇ ਵਾਇਰਸ ਨੇ ਪੂਰੀ ਦੁਨੀਆ ਦੀ ਆਰਥਿਕ ਤੇ ਸਮਾਜਿਕ ਵਿਵਸਥਾ ਨੂੰ ਗੋਡਿਆਂ ਭਾਰ ਲਿਆ ਦਿੱਤਾ ਹੈ।