ਦਲਜੀਤ ਮੱਕੜ, ਮਿਲਾਨ : ਕੋਰੋਨਾ ਵਾਇਰਸ ਨਾਲ ਪੂਰੀ ਦੁਨੀਆ ਵਿਚ ਜਿਥੇ ਲੋਕਾਂ ਨੂੰ ਜਾਨੀ ਅਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨੀਆਂ ਹੋਈਆਂ ਹਨ ਉੱਥੇ ਹੀ ਲੋਕਾਂ ਨੂੰ ਬੇਰੁਜ਼ਗਾਰੀ ਦਾ ਸਾਹਮਣਾ ਵੀ ਕਰਨਾ ਪਿਆ, ਜਿਸ ਦੇ ਨਵੇਂ-ਨਵੇਂ ਨਤੀਜੇ ਨਿੱਤ ਦੇਖਣ ਨੂੰ ਮਿਲ ਰਹੇ ਹਨ। ਜੇਕਰ ਗੱਲ ਇਟਲੀ ਦੀ ਕਰੀਏ ਤਾਂ ਅਕਤੂਬਰ 2020 ’ਚ ਅਕਤੂਬਰ 2019 ਦੇ ਮੁਕਾਬਲੇ ਨੌਕਰੀਆਂ ਘਟਣ ਦੇ ਕਾਫ਼ੀ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ। ਦੇਸ਼ ਵਾਸੀਆਂ ਦੇ ਕੰਮਾਂ-ਕਾਰਾਂ ਦਾ ਵਿਸਥਾਰਪੂਰਵਕ ਹਿਸਾਬ ਰੱਖਣ ਵਾਲੀ ਇਟਲੀ ਦੀ ਸਮਾਜਿਕ ਸੁਰੱਖਿਆ ਏਜੰਸੀ ਇੰਪਸ ਨੇ ਦੱਸਿਆ ਕਿ ਇਟਲੀ ਵਿਚ ਅਕਤੂਬਰ 2020 ਵਿਚ ਰਜਿਸਟਰਡ ਨੌਕਰੀ ਦੇ ਸਮਝੌਤੇ ਪਿਛਲੇ ਸਾਲ ਦੇ ਇਸੇ ਮਹੀਨੇ ਨਾਲੋਂ 6.62 ਲੱਖ ਘੱਟ ਸਨ।

ਇੰਪਸ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਇਕ ਵੱਡਾ ਕਾਰਨ ਸੀ ਕਿਉਂਕਿ ਇਸ ਨਾਲ ਲੇਬਰ ਮਾਰਕੀਟ ਨੂੰ ਭਾਰੀ ਸੱਟ ਲੱਗੀ ਹੈ। ਖ਼ਾਸ ਕਰ ਅਸਥਾਈ ਲੇਬਰ ਸਮਝੌਤਿਆਂ ਦੇ ਸਬੰਧ ਵਿਚ ਕਾਫ਼ੀ ਕਾਮਿਆਂ ਨੂੰ ਰੁਜ਼ਗਾਰ ਤੋਂ ਹੱਥ ਧੋਣਾ ਪਿਆ ਹੈ। ਕੋਵਿਡ-19 ਕਾਰਨ ਹੋਟਲਾਂ ਅਤੇ ਰੈਸਟੋਰੈਂਟਾਂ ਨੂੰ ਜਿੱਥੇ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ ਉੱਥੇ ਇਨ੍ਹਾਂ ਵਿਚ ਕੰਮ ਕਰਨ ਵਾਲੇ ਆਮ ਕਾਮੇ ਨੂੰ ਮੰਦਹਾਲੀ ਨੇ ਝੰਬ ਕੇ ਰੱਖ ਦਿੱਤਾ ਹੈ। ਹੋਰ ਤਾਂ ਹੋਰ ਕਈ ਅਜਿਹੇ ਛੋਟੇ ਕਿੱਤਾਕਾਰ ਵੀ ਹਨ ਜਿਹੜੇ ਕਿ ਆਪਣਾ ਰੁਜ਼ਗਾਰ ਤੁਰ-ਫਿਰ ਕੇ ਹੀ ਚਲਾਉਂਦੇ ਸਨ ਪਰ ਕੋਵਿਡ-19 ਕਾਰਨ ਹੋਈ ਤਾਲਾਬੰਦੀ ਨੇ ਉਨ੍ਹਾਂ ਨੂੰ ਭਵਿੱਖ ਪ੍ਰਤੀ ਡੂੰਘੀਆਂ ਚਿੰਤਾਵਾਂ ’ਚ ਧੱਕ ਦਿੱਤਾ ਹੈ। ਜ਼ਿਕਰਯੋਗ ਹੈ ਕੋਵਿਡ-19 ਕਾਰਨ ਉਜੜ ਰਹੇ ਕੰਮਾਂ ਦੇ ਮੱਦੇਨਜ਼ਰ ਲੋਕਾਂ ਸਰਕਾਰ ਤੋਂ ਮਦਦ ਲਈ ਮੁਜ਼ਾਹਰੇ ਵੀ ਬੀਤੇ ਸਮੇਂ ਵਿਚ ਕਰ ਚੁੱਕੇ ਹਨ।

Posted By: Susheel Khanna