ਚੀਨ ਦਾ ਵੀਡੀਓ ਸ਼ੇਅਰਿੰਗ ਐਪ TikTok ਇਕ ਵਾਰ ਫਿਰ ਨਿਸ਼ਾਨੇ 'ਤੇ ਹੈ। ਇਟਲੀ 'ਚ ਟਿਕ ਟਾਕ 'ਤੇ 'ਬਲੈਕਆਊਟ ਚੈਲੇਂਜ (Blackout Challenge) ਖੇਡਣ ਦੌਰਾਨ ਇਕ 10 ਸਾਲ ਦੀ ਬੱਚੀ ਦੀ ਮੌਤ ਹੋਣ 'ਤੇ ਟਿਕ ਟਾਕ ਕੰਪਨੀ ਮੁੜ ਨਿਸ਼ਾਨੇ 'ਤੇ ਆ ਗਈ ਹੈ। ਫਿਲਹਾਲ ਇਟਲੀ ਦੀ ਸਥਾਨਕ ਪੁਲਿਸ ਇਸ ਮਾਮਲੇ 'ਚ ਜਾਂਚ ਕਰ ਰਹੀ ਹੈ। ਇਟਾਲੀਅਨ ਪ੍ਰੋਸੀਕਿਊਟਰ ਨੇ ਦੱਸਿਆ ਕਿ 10 ਸਾਲਾ ਬੱਚੀ ਦੀ ਅਚਨਚੇਤ ਮੌਤ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਨੇ ਕਥਿਤ ਤੌਰ 'ਤੇ ਵੀਡੀਓ ਸ਼ੇਅਰਿੰਗ ਐਪ TikTok 'ਤੇ ਬਲੈਕ ਆਊਟ ਚੈਲੇਂਜ (Blackout Challenge) 'ਚ ਹਿੱਸਾ ਲਿਆ ਸੀ।

ਟਿਕ ਟਾਕ ਨੇ ਦਿੱਤੀ ਸਫ਼ਾਈ

ਕਾਬਿਲੇਗ਼ੌਰ ਹੈ ਕਿ ਬੱਚੀ ਦੀ ਮੌਤ ਇਟਲੀ ਦੇ ਪਾਲੇਰਮੋ ਹਸਪਤਾਲ 'ਚ ਬੁੱਧਵਾਰ ਨੂੰ ਹੋ ਗਈ ਸੀ। ਬੱਚੀ ਨੇ ਬਲੈਕਆਊਟ ਚੈਲੇਂਜ ਤਹਿਤ ਖ਼ੁਦ ਨੂੰ ਆਪਣੀ ਪੰਜ ਸਾਲ ਦੀ ਭੈਣ ਨਾਲ ਬਾਥਰੂਮ 'ਚ ਬੰਦ ਕਰ ਲਿਆ ਸੀ। ਇਸ ਪੂਰੇ ਘਟਨਾਕ੍ਰਮ ਲਈ ਟਿਕਟਾਕ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਇੱਧਰ ਚੀਨੀ ਕੰਪਨੀ ਟਿਕ ਟਾਕ ਨੇ ਸਫ਼ਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਸਾਈਟ 'ਤੇ ਅਜਿਹੀ ਕਿਸੇ ਵੀ ਤਰ੍ਹਾਂ ਦੀ ਸਮੱਗਰੀ ਦੀ ਪਛਾਣ ਨਹੀਂ ਕੀਤੀ ਹੈ ਜੋ ਲੜਕੀ ਨੂੰ ਕਿਸੇ ਤਰ੍ਹਾਂ ਦੇ ਚੈਲੇਂਜ 'ਚ ਹਿੱਸਾ ਲੈਣ ਲਈ ਉਤਸ਼ਾਹਤ ਕਰਦਾ ਹੋਵੇ।

ਕੰਪਨੀ ਦਾ ਕਹਿਣਾ ਹੈ ਕਿ ਅਸੀਂ 'ਆਤਮਹੱਤਿਆ' ਦੇ ਇਸ ਮਾਮਲੇ 'ਚ ਪੁਲਿਸ ਦਾ ਸਹਿਯੋਗ ਕਰ ਰਹੇ ਹਾਂ। ਟਿਕ ਟਾਕ ਦੇ ਬੁਲਾਰੇ ਨੇ ਕਿਹਾ ਕਿ ਸੁਰੱਖਿਆ ਸਾਡੀ ਤਰਜੀਹ ਹੈ। ਅਸੀਂ ਕਿਸੇ ਵੀ ਅਜਿਹੀ ਸਮੱਗਰੀ ਦਾ ਸਮਰਥਨ ਨਹੀਂ ਕਰਦੇ ਜਿਹੜੀ ਖ਼ਤਰਨਾਕ ਵਿਵਹਾਰ ਨੂੰ ਉਤਸ਼ਾਹਤ ਕਰਦੀ ਹੋਵੇ।

Posted By: Seema Anand