ਹਿਊਸਟਨ (ਪੀਟੀਆਈ) : ਅਮਰੀਕਾ ਵਿਚ ਟੈਕਸਾਸ ਰਾਜ ਦੇ ਆਸਟਿਨ ਸਥਿਤ ਸਿਹਤ ਦਫ਼ਤਰ ਵਿਚ ਭਾਰਤੀ ਮੂਲ ਦੇ ਡਾਕਟਰ ਭਰਤ ਨਾਰੂਮੰਚੀ ਨੇ ਇਕ ਮਹਿਲਾ ਡਾਕਟਰ ਨੂੰ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਡਾਕਟਰ ਕੈਂਸਰ ਰੋਗ ਤੋਂ ਪੀੜਤ ਸੀ। ਇਸ ਤੋਂ ਪਹਿਲੇ ਉਸ ਨੇ ਹਸਪਤਾਲ ਵਿਚ ਮੌਜੂਦ ਲੋਕਾਂ ਨੂੰ ਪਿਸਤੌਲ ਦਿਖਾ ਕੇ ਬੰਧਕ ਬਣਾ ਲਿਆ। ਬਾਅਦ ਵਿਚ ਕੁਝ ਨੂੰ ਛੱਡ ਦਿੱਤਾ ਗਿਆ। ਪੁਲਿਸ ਦੀ ਕਾਰਵਾਈ ਵਿਚ ਬੰਧਕਾਂ ਨੂੰ ਛੁਡਾ ਲਿਆ ਗਿਆ ਪ੍ਰੰਤੂ ਕਾਰਵਾਈ ਹੋਣ ਤੋਂ ਪਹਿਲੇ ਹੀ ਉਹ ਖ਼ੁਦਕੁਸ਼ੀ ਕਰ ਚੁੱਕਾ ਸੀ।

ਪੁਲਿਸ ਅਨੁਸਾਰ ਮਰਨ ਵਾਲੀ ਮਹਿਲਾ ਡਾਕਟਰ ਕੈਥਰੀਨ ਡੋਡਸਨ ਹੈ। ਹੁਣ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਡਾਕਟਰ ਭਰਤ ਦਾ ਕੈਥਰੀਨ ਨਾਲ ਕੀ ਸਬੰਧ ਸੀ। ਡਾਕਟਰ ਭਰਤ ਨੇ ਜਦੋਂ ਹਸਪਤਾਲ ਦੀ ਇਮਾਰਤ ਵਿਚ ਲੋਕਾਂ ਨੂੰ ਬੰਧਕ ਬਣਾ ਰੱਖਿਆ ਸੀ ਤਦ ਉਸ ਨੂੰ ਲੋਕਾਂ ਨੇ ਪਿਸਤੌਲ ਨਾਲ ਉੱਥੇ ਘੁੰਮਦੇ ਦੇਖਿਆ ਸੀ। ਉੱਥੇ ਮੌਜੂਦ ਲੋਕਾਂ ਨੇ ਉਸ ਨਾਲ ਗੱਲ ਕਰਨ ਦੀ ਵੀ ਕੋਸ਼ਿਸ਼ ਕੀਤੀ। ਸੰਪਰਕ ਨਾ ਹੋਣ ਪਿੱਛੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਸੀ।