ਤੇਜਿੰਦਰ ਕੌਰ ਥਿੰਦ/ਦਲਜੀਤ ਮੱਕੜ,ਜਲੰਧਰ/ ਮਿਲਾਨ : ਭੰਗਡ਼ੇ ਦਾ ਮੱਕੇ ਵਜੋਂ ਜਾਣਿਆ ਜਾਂਦਾ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਪਹਿਲਾ ਭੰਗਡ਼ਾ ਵਰਲਡ ਕੱਪ ਕਰਵਾ ਰਿਹਾ ਹੈ। ਡਾ. ਇੰਦਰਜੀਤ ਸਿੰਘ ਨੂੰ ਸਮਰਪਿਤ ਇਹ ਭੰਗਡ਼ਾ ਵਰਲਡ ਕੱਪ ਅਕਤੂਬਰ ਦੇ ਤੀਜੇ ਹਫ਼ਤੇ ਕਰਵਾਇਆ ਜਾਵੇਗਾ। ਇਸ ਬਾਰੇ ਲਾਇਲਪੁਰ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਉਦਮ ਪੰਜਾਬ ਦੇ ਵਿਰਾਸਤੀ ਨਾਚ ਭੰਗਡ਼ੇ ਨੂੰ ਅੱਜ ਦੀ ਨਵੀਂ ਪੀਡ਼੍ਹੀ ਤਕ ਪਹੁੰਚਾਉਣ ਤੇ 1960 ਤੋਂ ਲੈ ਕੇ ਹੁਣ ਤਕ ਦੇ ਭੰਗਡ਼ਾ ਕਲਾਕਾਰਾਂ ਨੂੰ ਇਕ ਮੰਚ ’ਤੇ ਇਕੱਠਾ ਕਰਨ ਲਈ ਕੀਤਾ ਜਾ ਰਿਹਾ ਹੈ। ਭੰਗਡ਼ੇ ਪ੍ਰਤੀ ਆਪਣੇ ਮੋਹ ਕਾਰਨ ਲਗਾਤਾਰ 16 ਸਾਲ ਤੋਂ ਉਹ ਇਸ ਦੀ ਸਰਪ੍ਰਸਤੀ ਕਰਦੇ ਆ ਰਹੇ ਹਨ।

ਉਨ੍ਹਾਂ ਦੱਸਿਆ ਕਿ ਭੰਗਡ਼ਾ ਵਰਲਡ ਕੱਪ ’ਚ ਦੁਨੀਆ ਭਰ ’ਚ ਬੈਠੇ ਹਰ ਵਿਅਕਤੀ ਨੂੰ ਹਿੱਸਾ ਲੈਣ ਲਈ ਖੁੱਲ੍ਹਾ ਸੱਦਾ ਹੈ। ਇਹ ਕੱਪ ਆਨਲਾਈਨ ਅਤੇ ਆਫਲਾਈਨ ਮੋਡ ’ਚ 4 ਕੈਟਾਗਰੀਆਂ ’ਚ ਹੋਵੇਗਾ। ਆਨਲਾਈਨ ਮੋਡ ਦੀ ਪਹਿਲੀ ਕੈਟਾਗਰੀ ਵਿਚ ਕੌਮਾਂਤਰੀ ਪੱਧਰ ਦੇ 16 ਸਾਲ ਤੋਂ ਉਪਰ ਉਮਰ ਵਰਗ ਦੇ ਕਲਾਕਾਰ ਹਿੱਸਾ ਲੈ ਸਕਦੇ ਹਨ। ਦੂਜੀ ਕੈਟਾਗਰੀ ਸੀ2 ਹੈ, ਜਿਸ ’ਚ ਵੀ 16 ਸਾਲ ਤੋਂ ਉਪਰ ਉਮਰ ਵਰਗ ਵਾਲੇ ਕਲਾਕਾਰ ਹਿੱਸਾ ਲੈ ਸਕਦੇ ਹਨ।

ਤੀਜੀ ਕੈਟਾਗਰੀ ਵਿਚ 16 ਸਾਲ ਤੋਂ ਘੱਟ ਉਮਰ ਦਾ ਕੋਈ ਵੀ ਭੰਗਡ਼ਾ ਕਲਾਕਾਰ ਹਿੱਸਾ ਲੈ ਸਕਦਾ ਹੈ। ਚੌਥੀ ’ਤੇ ਆਖਰੀ ਕੈਟਾਗਰੀ 40 ਸਾਲ ਤੋਂ ਵੱਧ ਉਮਰ ਵਰਗ ਦੇ ਕਲਾਕਾਰਾਂ ਲਈ ਹੈ। ਇਸ ਕੈਟਾਗਰੀ ਵਿਚ ਦੁਨੀਆ ਭਰ ਵਿਚ ਬੈਠੇ ਕਲਾਕਾਰ 1 ਤੋਂ 8 ਜਣਿਆਂ ਦੇ ਗਰੁੱਪ ਵਿਚ ਹਿੱਸਾ ਲੈ ਸਕਦੇ ਹਨ।

ਡਾ. ਸਮਰਾ ਨੇ ਦੱਸਿਆ ਕਿ ਆਨਲਾਈਨ ਮੋਡ ’ਚ ਹਿੱਸਾ ਲੈਣ ਲਈ 19 ਅਕਤੂਬਰ ਤਕ ਐਂਟਰੀਆਂ ਕਰਵਾਈਆਂ ਜਾ ਸਕਦੀਆਂ ਹਨ ਤੇ ਇਨ੍ਹਾਂ ਦੇ ਨਤੀਜੇ 24 ਅਕਤੂਬਰ ਨੂੰ ਐਲਾਨੇ ਜਾਣਗੇ। ਚਾਰੋਂ ਕੈਟਾਗਰੀਆਂ ਦੇ ਜੇਤੂਆਂ ਨੂੰ 5 ਲੱਖ ਰੁਪਏ ਦੇ ਇਨਾਮ ਦਿੱਤੇ ਜਾਣਗੇ। ਬੈਸਟ ਡਾਂਸਰ ਦਾ ਐਵਾਰਡ ਵੀ ਐਲਾਨਿਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਇਸ ਸਾਲ ਲਾਇਲਪੁਰ ਖ਼ਾਲਸਾ ਕਾਲਜ ਤੋਂ ਸ਼ੁਰੂ ਹੋ ਰਹੇ ਇਸ ਭੰਗਡ਼ਾ ਵਰਲਡ ਕੱਪ ਨੂੰ ਅਗਲੇ ਸਾਲ ਕੈਨੇਡਾ, 2023 ਵਿਚ ਅਮਰੀਕਾ, 2024 ਵਿਚ ਯੂਕੇ, 2025 ਵਿਚ ਆਸਟ੍ਰੇਲੀਆ ’ਚ ਕਰਵਾਇਆ ਜਾਵੇਗਾ। ਹੁਣ ਤਕ ਵੱਖ-ਵੱਖ ਦੇਸ਼ਾਂ ਦੀਆਂ 45 ਤੋਂ ਵੱਧ ਟੀਮਾਂ ਰਜਿਸਟਰਡ ਹੋ ਚੁੱਕੀਆਂ ਹਨ। 19 ਟੀਮਾਂ ਪੰਜਾਬ ਤੋਂ ਆਪਣੀ ਐਂਟਰੀ ਕਰਵਾ ਚੁੱਕੀਆਂ ਹਨ। ਇਹ ਪ੍ਰਕਿਰਿਆ 19 ਅਕਤੂਬਰ ਤਕ ਜਾਰੀ ਰਹੇਗੀ।

ਭੰਗਡ਼ਾ ਵਰਲਡ ਕੱਪ ਦੇ ਨਿਯਮਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਆਫਲਾਈਨ ਕੈਟਾਗਰੀ ਵਿਚ ਭਾਗ ਲੈਣ ਵਾਲਿਆਂ ਲਈ ਯੂਨੀਵਰਸਿਟੀ ਵੱਲੋਂ ਤੈਅ ਨਿਯਮ ਲਾਗੂ ਹੋਣਗੇ। ਆਫਲਾਈਨ ਮੋਡ ਲਈ ਆਪਣੀ ਰਿਕਾਰਡ ਕੀਤੀ ਵੀਡੀਓ ਭੇਜਣੀ ਪਵੇਗੀ। ਮਾਹਿਰਾਂ ਦਾ ਪੈਨਲ ਇਨ੍ਹਾਂ ਦੀ ਚੋਣ ਕਰੇਗਾ।

ਆਨਲਾਈਨ ਪੈਣਗੀਆਂ ਭੰਗਡ਼ੇ ਦੀਆਂ ਧਮਾਲਾਂ

ਇਟਲੀ : ਲਾਇਲਪੁਰ ਖਾਲਸਾ ਕਾਲਜ ਜਲੰਧਰ ਵੱਲੋਂ ਕਰਵਾਇਆ ਜਾ ਰਿਹਾ ਭੰਗਡ਼ਾ ਵਰਲਡ ਕੱਪ ਵਿਚ ਇਟਲੀ ਦਾ ‘ਪੰਜਾਬੀ ਭੰਗਡ਼ਾ ਬੁਆਇਜ਼ ਐਂਡ ਗਰਲਜ਼ ਗਰੁੱਪ’ ਵੀ ਭਾਗ ਲੈ ਰਿਹਾ ਹੈ। ਇਸ ਬਾਰੇ ਭੰਗਡ਼ੇ ਦੇ ਪ੍ਰਸਿੱਧ ਕੋਚ ਵਰਿੰਦਰਦੀਪ ਸਿੰਘ ਰਵੀ ਨੇ ਦੱਸਿਆ ਕਿ ਇਟਲੀ ਦੀਆਂ ਦੋ ਟੀਮਾਂ ਆਨਲਾਈਨ ਭੰਗਡ਼ਾ ਮੁਕਾਬਲੇ ਵਿਚ ਭਾਗ ਲੈ ਰਹੀਆਂ ਹਨ। ਇਨ੍ਹਾਂ ਦੋਵੇਂ ਟੀਮਾਂ ਵਿਚ 8-8 ਕਲਾਕਾਰ ਭਾਗ ਲੈਣਗੇ। ਇਕ ਟੀਮ ਵਿਚ 8 ਇਟਾਲੀਅਨ ਲਡ਼ਕੀਆਂ ਭਾਗ ਲੈ ਰਹੀਆਂ ਹਨ ਤੇ ਦੁੂਜੀ ਟੀਮ ਵਿਚ 5 ਪੰਜਾਬੀ ਮੁੰਡੇ ਅਤੇ 3 ਇਟਾਲੀਅਨ ਕੁਡ਼ੀਆਂ ਹਨ।

ਕੁਡ਼ੀਆਂ ਦੀ ਟੀਮ ਪਹਿਲੀ ਵਾਰ ਢੋਲ ਦੇ ਡੱਗੇ ’ਤੇ ਬੋਲੀਆਂ ਦੇ ਨਾਲ ਨਾਲ ਪੁਰਾਤਨ ਪੰਜਾਬੀ ਪਹਿਰਾਵੇ ਵਿਚ ਆਪਣੀ ਕਲਾ ਦੇ ਜੌਹਰ ਵਿਖਾਉਣਗੀਆਂ। ਰਵੀ ਨੇ ਦੱਸਿਆ ਇਹ ਇਟਾਲੀਅਨ ਲਡ਼ਕੀਆਂ ਜਿਥੇ ਪੰਜਾਬੀ ਜ਼ੁਬਾਨ ਨੂੰ ਸਮਝਣ ਤੋਂ ਅਸਮੱਰਥ ਹਨ ਉਥੇ ਪੰਜਾਬੀ ਸੰਗੀਤ ’ਤੇ ਮੰਤਰਮੁਗਧ ਹੋ ਜਾਂਦੀਆਂ ਹਨ ਤੇ ਮਿਊਜ਼ਿਕ ਦੀ ਰਿਦਮ ਸਮਝਾ ਕੇ ਭੰਗਡ਼ੇ ਦੇ ਸਟੈਪ ਸਿਖਾਏ ਜਾਂਦੇ ਹਨ।

ਭੰਗਡ਼ਾ ਕੋਚ ਰਵੀ ਨੇ ਦੱਸਿਆ ਕਿ ਇਸ ਆਨਲਾਈਨ ਮੁਕਾਬਲੇ ਲਈ ਜਿਥੇ ਭੰਗਡ਼ਾ ਕਲਾਕਾਰਾਂ ਅੰਦਰ ਭਾਰੀ ਉਤਸ਼ਾਹ ਹੈ, ਉਥੇ ਪੰਜਾਬੀਆਂ ਵਿਚ ਵੀ ਇਸ ਮੁਕਾਬਲੇ ਨੂੰ ਦੇਖਣ ਲਈ ਕਾਫੀ ਉਤਸੁਕਤਾ ਹੈ।

Posted By: Tejinder Thind