ਮਿਲਾਨ, ਦਲਜੀਤ ਮੱਕੜ : ਕੋਰੋਨਾ ਵਾਇਰਸ ਦੀ ਮਹਾਮਾਰੀ ਨਾਲ ਉਹ ਲੋਕ ਤਾਂ ਡਾਹਢੇ ਦੁਖੀ ਹੋਏ ਹੀ ਹਨ ਜਿਹਨਾਂ ਨੂੰ ਕੋਰੋਨਾ ਵਾਇਰਸ ਨੇ ਬਹੁਤ ਝੰਬਿਆ ਪਰ ਉਹਨਾਂ ਮਰੀਜ਼ਾਂ ਤੋਂ ਵੀ ਵੱਧ ਇਸ ਵਕਤ ਦਰਦ ਅਤੇ ਪਰੇਸ਼ਾਨੀਆਂ ਸਹੇੜ ਰਹੇ ਹਨ ਉਹ ਲੋਕ ਜਿਹੜੇ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਇਟਲੀ ਛੱਡ ਜਾਂ ਪਰਿਵਾਰ ਸਮੇਤ ਪਿਛਲੇ ਮਹੀਨਿਆਂ ਦੌਰਾਨ ਕਿਸੇ ਜ਼ਰੂਰੀ ਕੰਮ ਭਾਰਤ ਗਏ ਕਿ ਉੱਥੇ ਹੀ ਫਸ ਗਏ। ਹੁਣ ਇਟਲੀ ਆਉਣ ਲਈ ਇਹ ਲੋਕ ਇਟਲੀ ਸਰਕਾਰ ਦੀ ਪਾਬੰਦੀ ਕਾਰਨ ਰੋਣ ਪਰੇਸ਼ਾਨ ਹਨ। ਇਟਲੀ ਸਰਕਾਰ ਹੁਣ ਮਹੀਨੇ-ਮਹੀਨੇ ਬਾਅਦ ਵਧਾ ਕੇ ਇਟਲੀ ਤੋਂ ਭਾਰਤ ਗਏ ਭਾਰਤੀਆਂ ਲਈ ਵੱਡੀ ਮੁਸੀਬਤ ਪੈਦਾ ਕਰ ਰਹੀ ਹੈ। ਇਟਲੀ ਸਰਕਾਰ ਨੇ ਦੇਸ਼ ਨੂੰ ਕੋਵਿਡ -19 ਮੁਕਤ ਕਰਨ ਲਈ ਹਰ ਉਹ ਰਾਸਤਾ ਮੁਕੰਮਲ ਬੰਦ ਕਰਨ ਦੇ ਆਪਣੇ ਰਵੱਈਏ 'ਤੇ ਬਜ਼ਿੱਦ ਹੈ ਪਰ ਸਰਕਾਰ ਦੀ ਇਸ ਸਖ਼ਤੀ ਕਾਰਨ ਹਜ਼ਾਰਾਂ ਲੋਕਾਂ ਦਾ ਭਵਿੱਖ ਦਿਨੋ ਦਿਨ ਧੁੰਦਲਾ ਹੀ ਹੁੰਦਾ ਨਜ਼ਰੀਂ ਆ ਰਿਹਾ ਹੈ ਕਿਉਂਕਿ ਇਟਲੀ ਸਰਕਾਰ ਨੇ ਪਹਿਲਾਂ ਭਾਰਤ, ਸ੍ਰੀ ਲੰਕਾ ਤੇ ਬੰਗਲਾਦੇਸ਼ ਤੋਂ ਆਉਣ ਵਾਲੇ ਯਾਤਰੀਆਂ ਦੀ ਇਟਲੀ ਆਮਦ ਲਈ ਸਿਰਫ ਮਈ ਵਿੱਚ ਪਾਬੰਦੀ ਲਗਾਈ ਸੀ ਫਿਰ ਉਸ ਨੂੰ ਵਧਾ ਕੇ ਜੂਨ ਤਕ ਕਰ ਦਿੱਤਾ ਤੇ ਫਿਰ 30 ਜੁਲਾਈ ਤਕ ਕਰ ਦਿੱਤਾ ।ਭਾਰਤ ਤੇ ਹੋਰ ਦੇਸ਼ ਵਿੱਚ ਮਜਬੂਰੀ ਵੱਸ ਫਸੇ ਲੋਕ ਬੇਸਬਰੀ ਨਾਲ ਇਟਲੀ ਸਰਕਾਰ ਦੇ ਫ਼ੈਸਲੇ ਨੂੰ ਪਿਛਲੇ ਇੱਕ ਹਫ਼ਤੇ ਤੋਂ ਉਡੀਕ ਰਹੇ ਸੀ ਪਰ ਹੁਣ ਸਰਕਾਰ ਨੇ ਭਾਰਤ ,ਸ੍ਰੀ ਲੰਕਾ ਤੇ ਬੰਗਲਾਦੇਸ਼ ਤੋਂ ਆਉਣ ਵਾਲੇ ਯਾਤਰੀਆਂ ਲਈ ਕੀਤੀ ਪਾਬੰਦੀ ਨੂੰ ਹੁਣ 30 ਅਗਸਤ 2021 ਤੱਕ ਕਰ ਦਿੱਤਾ ਹੈ।

Posted By: Tejinder Thind