ਦਲਜੀਤ ਮੱਕੜ, ਮਿਲਾਨ : ਕੋਰੋਨਾ ਦੇ ਵਧ ਰਹੇ ਪ੍ਰਭਾਵ ਨੂੰ ਰੋਕਣ ਲਈ ਇਟਲੀ ਸਰਕਾਰ ਦੀ ਈਸਟਰ ਦੀਆਂ ਛੁੱਟੀਆਂ ਲਈ ਸਖ਼ਤ ਨਿਯਮ ਲਾਗੂ ਕੀਤੇ ਹਨ ਪਰ ਕੁਝ ਲੋਕ ਅਜਿਹੇ ਵੀ ਹਨ ਜੋ ਸਰਕਾਰੀ ਹਦਾਇਤਾਂ ਦੀ ਉਲੰਘਣਾ ਨੂੰ ਟਿੱਚ ਜਾਣਦੇ ਹਨ।

ਕੁਝ ਅਜਿਹਾ ਹੀ ਹੋਇਆ ਇਟਲੀ ਦੇ ਸ਼ਹਿਰ ਪਾਰਮਾ ਨਜ਼ਦੀਕ। ਜਿਥੇ ਘਰ ’ਚ ਹੇਅਰ ਡਰੈੱਸਰ ਦਾ ਗ਼ੈਰ-ਕਾਨੂੰਨੀ ਢੰਗ ਨਾਲ ਕੰਮ ਕਰ ਰਹੇ ਡੋਮੀਨਿਕਨ ਰਿਪਬਲਿਕ ਦੇ ਇਕ 58 ਸਾਲਾ ਵਿਅਕਤੀ ਨੂੰ ਅਨਿਯਮਿਤ ਤੌਰ ’ਤੇ ਕੰਮ ਕਰਨ ਤੇ ਹਦਾਇਤਾਂ ਦੀ ਉਲੰਘਣਾ ਕਰਨ ’ਤੇ 15 ਹਜ਼ਾਰ ਯੂਰੋ ਤੋਂ ਵੱਧ ਦਾ ਜੁਰਮਾਨਾ ਲਾਇਆ ਗਿਆ ਹੈ। ਪਾਰਮਾ ਸ਼ਹਿਰ ਕੋਲ ਪੈਂਦੇ ਬੋਰਗੋ ਪਾਰੇਂਤੇ ’ਚ ਪੁਲਿਸ ਕਾਰਾਬੀਨੇਰੀ, ਨਾਸ ਤੇ ਲੇਬਰ ਇੰਸਪੈਕਟਰੋਰੇਟ ਯੂਨਿਟ ਨੇ ਇਹ ਕਾਰਵਾਈ ਕੀਤੀ ਗਈ। ਸੱਤ ਗਾਹਕਾਂ ਨੂੰ ਕੋਰੋਨਾ ਨੂੰ ਲੈ ਕੇ ਲਾਈਆਂ ਸਖ਼ਤ ਪਾਬੰਦੀਆਂ ਦੀ ਪਾਲਣਾ ਨਾ ਕਰਨ ’ਤੇ ਕੁੱਲ 2,800 ਯੂਰੋ ਲਈ ਜੁਰਮਾਨਾ ਵੀ ਲਗਾਇਆ। ਲੋਕਾਂ ’ਚ ਇਸ ਗੱਲ ਦੀ ਚਰਚਾ ਹੈ ਕਿ ਇਹ ਹਜ਼ਾਮ (ਨਾਈ) ਸਰਕਾਰੀ ਹੁਕਮਾਂ ਨੂੰ ਟਿੱਚ ਜਾਣ ਕੇ ਘਰ ’ਚ ਹੀ ਹਜ਼ਾਮਤ ਕਰਦਾ ਸੀ। ਪੂਰੇ ਪਾਰਮਾ ਸੂਬੇ ’ਚ ਕਾਰਾਬੀਨੇਰੀ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਕੁਲ ਮਿਲਾ ਕੇ ਸ਼ਨਿਚਰਵਾਰ ਨੂੰ ਲਗਪਗ 400 ਲੋਕਾਂ ਦੀ ਪਛਾਣ ਕੀਤੀ ਗਈ ਤੇ 70 ਤੋਂ ਵੱਧ ਕਾਰੋਬਾਰਾਂ ਦਾ ਨਿਰੀਖਣ ਕੀਤਾ ਗਿਆ। ਸ਼ਹਿਰ ’ਚ 11 ਵਿਅਕਤੀਆਂ ਤੇ ਦੋ ਕਾਰੋਬਾਰੀਆਂ ਦੀ ‘ਰੈੱਡ ਜ਼ੋਨ’ ਦੇ ਪ੍ਰਬੰਧਾਂ ਦੀ ਪਾਲਣਾ ਨਾ ਕਰਨ ਲਈ ਪੁਲਿਸ ਵੀ ਹੈਰਾਨ ਸੀ।

Posted By: Amita Verma