ਦਲਜੀਤ ਮੱਕੜ, ਮਿਲਾਨ : ਕੋਰੋਨਾ ਵਾਇਰਸ ਕਰ ਕੇ ਇਟਲੀ ਵਿਚ ਹੋਏ ਲਾਕਡਾਊਨ ਨਾਲ ਸਾਰੇ ਕੰਮਕਾਰ ਠੱਪ ਸਨ, ਹਾਲਾਤ 'ਚ ਸੁਧਾਰ ਨੂੰ ਦੇਖਦਿਆਂ 4 ਮਈ ਨੂੰ ਇਟਲੀ ਸਰਕਾਰ ਨੇ ਦੂਜੇ ਪੜਾਅ ਤਹਿਤ ਕੁਝ ਕੰਮਕਾਰ ਖੋਲ੍ਹ ਦਿੱਤੇ ਸਨ। ਪਿਛਲੇ ਦਿਨੀਂ ਇਟਲੀ ਸਰਕਾਰ ਵੱਲੋਂ ਬਾਕੀ ਬੰਦ ਪਏ ਕਾਰੋਬਾਰ ਖੋਲ੍ਹਣ ਦਾ ਐਲਾਨ ਵੀ ਕੀਤਾ ਗਿਆ ਸੀ। 18 ਮਈ ਨੂੰ ਇਟਲੀ ਸਰਕਾਰ ਵੱਲੋਂ ਕਾਫੀ ਹੱਦ ਤਕ ਕੰਮਕਾਰਾਂ ਦੇ ਖੋਲ੍ਹਣ ਕਰ ਕੇ ਇਟਲੀ ਦੀਆਂ ਸੜਕਾਂ 'ਤੇ ਕਾਫੀ ਚਹਿਲ-ਪਹਿਲ ਨਜ਼ਰ ਆਈ। ਬਜ਼ਾਰਾਂ 'ਚ ਕਾਫੀ ਭੀੜ ਦੇਖਣ ਨੂੰ ਮਿਲੀ। ਚੀਨ ਤੋਂ ਬਾਅਦ ਇਟਲੀ 'ਚ ਕੋਰੋਨਾ ਮਹਾਮਾਰੀ ਕਰ ਕੇ ਕਾਫੀ ਜਾਨੀ ਤੇ ਮਾਲੀ ਨੁਕਸਾਨ ਵੀ ਹੋਇਆ।

ਇਟਲੀ 'ਚ ਹੁਣ ਤਕ 2,25,435 ਦੇ ਕਰੀਬ ਲੋਕ ਕੋਰੋਨਾ ਤੋਂ ਇਨਫੈਕਟਿਡ ਹੋਏ। 32000 ਦੇ ਕਰੀਬ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਹੁਣ ਹਾਲਾਤ 'ਚ ਸੁਧਾਰ ਕਾਰਨ ਬਹੁਤੀਆਂ ਕੰਪਨੀਆਂ ਨੇ ਆਪਣੇ ਕਾਮਿਆਂ ਨੂੰ ਕੰਮ 'ਤੇ ਸੱਦ ਲਿਆ ਹੈ। ਤਕਰੀਬਨ ਤਿੰਨ ਮਹੀਨੇ ਸਖ਼ਤ ਮੁਸ਼ੱਕਤ ਤੋਂ ਬਾਅਦ ਇਟਲੀ ਸਰਕਾਰ ਨੇ ਜ਼ਿੰਦਗੀ ਨੂੰ ਮੁੜ ਲੀਹਾਂ 'ਤੇ ਲਿਆਂਦਾ ਹੈ, ਜਿਸ ਵਿਚ ਡਾਕਟਰਾਂ ਦੀ ਟੀਮਾਂ, ਸਮਾਜ ਸੇਵੀ ਤੇ ਧਾਰਮਿਕ ਜਥੇਬੰਦੀਆਂ ਵਲੋਂ ਕੀਤੇ ਗਏ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ।

ਤਕਰੀਬਨ ਦੋ ਮਹੀਨਿਆਂ ਤੋਂ ਬੰਦ ਪਏ ਕਾਰੋਬਾਰ ਖੁੱਲ੍ਹਣ 'ਤੇ ਕਾਫੀ ਸੰਸਥਾਵਾਂ ਲੋਕਾਂ ਨੂੰ ਕੋਵਿਡ-19 ਸਬੰਧੀ ਨਿਯਮ ਅਪਣਾਉਣ ਦੀ ਅਪੀਲ ਵੀ ਕਰ ਚੁੱਕੀਆਂ। ਲੋਕਾਂ ਨੂੰ ਇਸ ਗੱਲ ਦੀ ਸਮਝ ਰੱਖਣੀ ਚਾਹੀਦੀ ਹੈ ਕੋਰੋਨਾ ਵਾਇਰਸ ਨੂੰ ਅਣਗੌਲਿਆ ਨਾ ਕੀਤਾ ਜਾਵੇ, ਕਿਉਂਕਿ ਹਾਲੇ ਸਿਰਫ ਲਾਕਡਾਊਨ ਖੁੱਲ੍ਹਾ ਹੈ ਪਰ ਇਸ ਬਿਮਾਰੀ ਦਾ ਕੋਈ ਹੱਲ ਨਹੀਂ ਨਿਕਲਿਆ। ਬੇਸ਼ੱਕ ਇਟਲੀ ਨੇ ਕਾਫੀ ਹੱਦ ਤਕ ਕੋਰੋਨਾ ਦੇ ਮਰੀਜ਼ਾਂ 'ਚ ਸੁਧਾਰ ਕਰ ਲਿਆ ਹੈ ਪਰ ਲੋਕਾਂ ਨੂੰ ਹਾਲੇ ਲੰਬੇ ਸਮੇਂ ਤਕ ਸਾਵਧਾਨ ਰਹਿਣ ਦੀ ਲੋੜ ਹੈ।