ਮਿਲਾਨ (ਦਲਜੀਤ ਮੱਕੜ): ਪਹਿਲੀ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਤੇ ਇਟਲੀ ਵਿੱਚ ਸਜਾਏ ਗਏ ਨਗਰ ਕੀਰਤਨਾਂ ਦੀ ਲੜੀ ਵੱਜੋਂ ਗੁਰਦੁਆਰਾ ਸਿੰਘ ਸਭਾ ਪਾਰਮਾ ਵੱਲੋਂ ਇਟਲੀ ਦੇ ਸ਼ਹਿਰ ਪਾਰਮਾ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। 20 ਨਵੰਬਰ ਦਿਨ ਐਤਵਾਰ ਨੂੰ ਸਜਾਇਆ ਨਗਰ ਕੀਰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆ ਅਤੇ ਪੰਜ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਇਆ। ਪ੍ਰਬੰਧਕ ਕਮੇਟੀ ਅਤੇ ਸਮੂਹ ਇਲਾਕੇ ਦੀਆਂ ਸੰਗਤਾ ਦੇ ਸਹਿਯੋਗ ਸਜਾਏ ਨਗਰ ਕੀਰਤਨ ਵਿੱਚ ਇਟਲੀ ਦੇ ਵੱਖ ਵੱਖ ਇਲਾਕਿਆਂ ਤੋਂ ਸੰਗਤਾਂ ਪੁੱਜੀਆ । ਫੁੱਲਾਂ ਨਾਲ ਸਜੀ ਪਾਲਕੀ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਸਨ। ਜੈਕਾਰਿਆਂ ਦੀ ਗੂੰਜ ‘ਚ ਨਗਰ ਕੀਰਤਨ ਜਿਉਂ ਹੀ ਗੁਰਦੁਆਰਾ ਸਾਹਿਬ ਤੋ ਆਰੰਭ ਹੋਇਆ ਤਾਂ ਸੰਗਤ ਦਾ ਵੱਡਾ ਕਾਫ਼ਲਾ ਨਾਮ, ਸਿਮਰਨ ਰਾਹੀਂ ਹਾਜ਼ਰੀ ਭਰਦਾ ਨਾਲ ਤੁਰਿਆ, ਜਿਉਂ ਜਿਉਂ ਨਗਰ ਕੀਰਤਨ ਅੱਗੇ ਵਧਿਆ ਤਾਂ ਜਗਾਂ ਜਗਾਂ ਤੇ ਸੰਗਤ ਵੱਲੋਂ ਫੁੱਲਾਂ ਦੀ ਵਰਖਾ ਕਰਦਿਆਂ ਨਿੱਘਾ ਸਵਾਗਤ ਕੀਤਾ ।ਜਗਾਂ ਜਗਾ ਤੇ ਸੇਵਾਦਾਰਾਂ ਵੱਲੋਂ ਸੰਗਤਾਂ ਲਈ ਲੰਗਰ ਲਗਾਏ ਗਏ। ਨਗਰ ਕੀਰਤਨ ਵਿੱਚ ਆਈਆ ਸੰਗਤਾਂ ਨੂੰ ਵੱਖ ਵੱਖ ਰਾਗੀ, ਢਾਡੀ ਅਤੇ ਕਵੀਸ਼ਰੀ ਜੱਥਿਆਂ ਦੁਆਰਾ ਮਹਾਨ ਸਿੱਖ ਦਾ ਲਾਸਾਨੀ ਤੇ ਗੌਰਵਮਈ ਇਤਿਹਾਸ ਸੰਗਤਾਂ ਨੂੰ ਸਰਵਣ ਕਰਵਾਇਆ ।ਇਸ ਮੌਕੇ ਗੁਰੂ ਦੀਆਂ ਲਾਡਲੀਆਂ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਗੱਤਕਾ ਅਕੈਡਮੀ ਬਨਿਅੋਲੋ ਮੇਲਾ ਦੇ ਸਿੰਘ ਸਿੰਘਣੀਆਂ ਵੱਲੋਂ ਗਤਕਾ ਕਲਾ ਦੇ ਹੈਰਤਅੰਗੇਜ ਜੌਹਰ ਵੀ ਦਿਖਾਏ ਗਏ। ਇਸ ਮੌਕੇ ਵੱਖ ਵੱਖ ਗੁਰਦੁਆਰਾ ਸਾਹਿਬ ਦੀਆ ਪ੍ਰਬੰਧਕ ਕਮੇਟੀਆ ਨੇ ਹਾਜਰੀ ਭਰੀ ।ਸ਼ਾਮ ਨੂੰ ਪਾਰਮਾ ਸ਼ਹਿਰ ਦੇ ਵੱਖ ਵੱਖ ਚੌਂਕਾ ਤੋਂ ਹੁੰਦਾ ਹੋਇਆ ਨਗਰ ਕੀਰਤਨ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੇਵਾਦਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਤੇ ਸਭ ਸੰਗਤ ਦਾ ਨਗਰ ਕੀਰਤਨ ਵਿੱਚ ਸ਼ਿਰਕਤ ਕਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ।
Posted By: Sandip Kaur