ਦਲਜੀਤ ਮੱਕੜ, ਮਿਲਾਨ (ਇਟਲੀ) : ਬੀਤੇ ਦਿਨੀਂ ਇਟਲੀ ਦੇ ਕਾਮੇਡੀਅਨ ਆਦਰਿਆਂ ਬਕਾਨ (ਪੂਚੀ) ਨੇ ਇਟਲੀ ਵਿੱਚ ਇਕ ਸ਼ੋਅ ਦੌਰਾਨ ਭਾਰਤੀ ਖਾਣਿਆਂ ਨੂੰ ਲੈ ਕੇ ਗ਼ਲਤ ਸ਼ਬਦਾਵਲੀ ਵਰਤੀ ਸੀ। ਜਿਸ 'ਤੇ ਕਾਰਵਾਈ ਕਰਦਿਆਂ ਇੰਡੀਅਨ ਨੈਸ਼ਨਲ ਕਾਂਗਰਸ ਇਟਲੀ ਦੇ ਪ੍ਰਧਾਨ ਦਿਲਬਾਗ ਸਿੰਘ ਚਾਨਾ , ਸ: ਮਨਜੀਤ ਸਿੰਘ ,ਜਰਨੈਲ ਸਿੰਘ ਤੂਰ ਤੋਂ ਇਲਾਵਾ ਕਈ ਹੋਰ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਮਾਨਤੋਵਾ ਵਿਖੇ ਐੱਫਆਈਆਰ ਦਰਜ ਕਰਵਾਈ ਹੈ। ਇਸ ਵਿੱਚ ਲਿਖਿਆ ਹੈ ਕਿ ਕਾਮੇਡੀਅਨ ਆਦਰਿਆਂ ਬਕਾਨ (ਪੂਚੀ) ਜਲਦ ਹੀ ਇਟਲੀ ਵਿੱਚ ਰਹਿੰਦੇ ਭਾਰਤੀ ਭਾਈਚਾਰੇ ਕੋਲੋਂ ਉਸ ਵੱਲੋਂ ਕੀਤੀ ਗ਼ਲਤੀ ਦੀ ਮਾਫ਼ੀ ਮੰਗੇ। ਭਾਰਤੀ ਭਾਈਚਾਰੇ ਦੇ ਇਨ੍ਹਾਂ ਆਗੂਆਂ ਨੇ ਇਟਲੀ ਵਿੱਚ ਰਹਿੰਦੇ ਸਮੂਹ ਭਾਰਤੀਆਂ ਨੂੰ ਅਪੀਲ ਕੀਤੀ ਕਿ ਬਾਕੀ ਭਾਰਤੀ ਵੀ ਆਪਣੇ ਆਪਣੇ ਜ਼ਿਲ੍ਹਿਆਂ ਵਿੱਚ ਕਾਮੇਡੀਅਨ ਆਦਰਿਆਂ ਬਕਾਨ (ਪੂਚੀ) ਖ਼ਿਲਾਫ਼ ਐੱਫਆਈਆਰ ਦਰਜ ਕਰਵਾਉਣ।

ਜੇਕਰ ਕਿਸੇ ਨੂੰ ਸਾਡੀ ਐੱਫਆਈਆਰ ਦੀ ਲੋੜ ਹੈ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹਨ । ਦਿਲਬਾਗ ਸਿੰਘ ਚਾਨਾ ਨੇ ਅੱਗੇ ਦੱਸਿਆ ਕਿ ਜੇਕਰ 15 ਦਿਨਾਂ ਚ ਆਦਰਿਆਂ ਬਕਾਨ (ਪੂਚੀ) ਦੁਆਰਾ ਮਾਫੀ ਨਾ ਮੰਗੀ ਗਈ। ਤਾਂ ਮਾਨਤੋਵਾ ਵਿਖੇ ਭਾਰਤੀ ਭਾਈਚਾਰੇ ਨਾਲ ਮਿਲਕੇ ਧਰਨਾ ਦਿੱਤਾ ਜਾਵੇਗਾ।

Posted By: Jagjit Singh