ਦਲਜੀਤ ਮੱਕੜ, ਮਿਲਾਨ : ਸੜਕ ਹਾਦਸਿਆਂ ਵਿਚ ਆਏ ਦਿਨੀਂ ਕਾਫੀ ਲੋਕ ਆਪਣੀਆਂ ਜਾਨਾ ਗਵਾ ਰਹੇ ਹਨ। ਇਟਲੀ 'ਚ ਸ਼ਨੀਵਾਰ ਦੀ ਸ਼ਾਮ ਪੰਜਾਬੀ ਲੜਕੇ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿਸ ਨਾਲ ਇਟਲੀ ਵਸਦੇ ਪੂਰੀ ਪੰਜਾਬੀ ਭਾਈਚਾਰੇ ਵਿਚ ਸੋਗ ਦੀ ਲਹਿਰ ਹੈ।

ਜਾਣਕਾਰੀ ਅਨੁਸਾਰ ਇਹ ਹਾਦਸਾ ਇਟਲੀ ਦੇ ਜ਼ਿਲ੍ਹਾ ਮਾਨਤੋਵਾ ਵਿੱਚ ਪੈਂਦੇ ਪਿੰਡ ਪੈਗੋਨਾਗਾ ਵਿੱਚ ਵਾਪਰਿਆ। ਇਸ ਹਾਦਸੇ ਦੀ ਜਾਣਕਾਰੀ ਅਨੁਸਾਰ ਜਦੋਂ ਕਰਮਵੀਰ ਸਿੰਘ ਆਪਣੇ ਸਾਈਕਲ 'ਤੇ ਸਵਾਰ ਹੋ ਕੇ ਤਿੰਨ ਇਟਾਲੀਅਨ ਗੋਰੇ ਦੋਸਤਾਂ ਨਾਲ ਪਿੰਡ ਤੋਂ ਬਾਹਰ ਘੁੰਮਣ ਲਈ ਜਾ ਰਿਹਾ ਸੀ ਕਿ ਇਹ ਭਾਣਾ ਵਾਪਰ ਗਿਆ। ਕਰਮਵੀਰ ਸਿੰਘ ਖਹਿਰਾ ਪੁੱਤਰ ਸ੍ਰ. ਰਾਜਵਿੰਦਰ ਸਿੰਘ ਜ਼ਿਲ੍ਹਾ ਬਰਨਾਲਾ ਦੇ ਨਾਲ ਲੱਗਦੇ ਪਿੰਡ ਸੰਘੇੜਾ ਨਾਲ ਸਬੰਧਤ ਇਟਲੀ ਦਾ ਜੰਮਪਲ ਸੀ। ਮ੍ਰਿਤਕ ਨੌਜਵਾਨ ਦੇ ਚਾਚਾ ਭੁਪਿੰਦਰ ਸਿੰਘ ਖਹਿਰਾ ਨੇ ਭਰੇ ਮਨ ਨਾਲ ਦੱਸਿਆ ਕਿ ਕਰਮਵੀਰ ਸਿੰਘ ਨੇ 26 ਜੁਲਾਈ ਨੂੰ 17 ਸਾਲ ਪੂਰੇ ਕਰਕੇ ਅਠਾਰਵੇਂ ਸਾਲ ਵਿੱਚ ਐਂਟਰ ਹੋਣਾ ਸੀ, ਪਰ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ।

ਖਹਿਰਾ ਪਰਿਵਾਰ ਨਾਲ ਸਮੂਹ ਇਟਲੀ ਦੇ ਭਾਰਤੀ ਭਾਈਚਾਰੇ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਖੇਡ ਕਲੱਬਾਂ, ਸਮਾਜ ਸੇਵੀ ਸੰਸਥਾਵਾਂ ਅਤੇ ਜਿਸ ਪਿੰਡ ਵਿੱਚ ਰਹਿ ਰਹੇ ਹਨ। ਉਥੋਂ ਦੇ ਗੋਰੇ ਲੋਕਾਂ ਦੀਆਂ ਅੱਖਾਂ ਨਮ ਹਨ। ਐਤਵਾਰ ਸ਼ਾਮ ਨੂੰ ਕਰਮਵੀਰ ਸਿੰਘ ਦੇ ਦੋਸਤਾਂ ਅਤੇ ਸਾਕ-ਸਬੰਧੀਆਂ ਤੋਂ ਇਲਾਵਾ ਪ੍ਰਸ਼ਾਸਨ ਵੱਲੋਂ ਕੈਂਡਲ ਮਾਰਚ ਕੱਢ ਕੇ ਯਾਦ ਕੀਤਾ ਗਿਆ। ਮ੍ਰਿਤਕ ਦੇ ਫੁੱਫੜ ਦਰਵਾਰਾ ਸਿੰਘ ਸਿੱਧੂ ਨੇ ਦੱਸਿਆ ਕਿ ਕਾਨੂੰਨੀ ਕਾਰਵਾਈ ਕਰਨ ਤੋਂ ਬਾਅਦ ਸਸਕਾਰ ਇੱਥੇ ਇਟਲੀ ਵਿੱਚ ਹੀ ਕੀਤਾ ਜਾਵੇਗਾ।

Posted By: Ramanjit Kaur