ਰੋਮ, ਏਜੰਸੀਆਂ : ਖ਼ਤਰਨਾਕ ਕੋਰੋਨਾ ਵਾਇਰਸ ਦਾ ਕੇਂਦਰ ਬਣ ਚੁੱਕੇ ਇਟਲੀ 'ਚ ਮੌਤਾਂ ਦਾ ਸਿਲਸਿਲਾ ਰੁਕ ਨਹੀਂ ਰਿਹਾ ਹੈ। ਸੋਮਵਾਰ ਨੂੰ ਹੋਰ 602 ਲੋਕਾਂ ਦੀ ਮੌਤ ਹੋ ਗਈ ਤੇ ਇਹ ਅੰਕੜਾ 6,000 ਨੂੰ ਪਾਰ ਕਰ ਗਿਆ ਹੈ। ਅਮਰੀਕਾ 'ਚ ਵੀ ਕੋਰੋਨਾ ਵਾਇਰਸ ਨੇ ਹਾਹਾਕਾਰ ਮਚਾ ਰੱਖੀ ਹੈ ਤੇ ਉੱਥੋਂ ਦੇ ਸਭ ਤੋਂ ਵੱਡੇ ਡਾਕਟਰ ਨੇ ਇਸ ਹਫ਼ਤੇ ਇਸ ਦੇ ਸਭ ਤੋੰ ਖ਼ਤਰਨਾਕ ਹਾਲਤ 'ਚ ਪਹੁੰਚਣ ਦੀ ਚਿਤਾਵਨੀ ਦਿੱਤੀ ਹੈ। ਬ੍ਰਿਟੇਨ ਨੇ ਤਾਂ ਵਿਗੜਦੇ ਹਾਲਾਤ ਨੂੰ ਦੇਖਦੇ ਹੋਏ ਸਿਹਤ ਸੇਵਾਵਾਂ ਸੰਭਾਲਣ ਲਈ ਫ਼ੌਜ ਲਾ ਦਿੱਤੀ ਹੈ। ਇਸ ਵਾਇਰਸ ਨੇ ਦੁਨੀਆ ਭਰ 'ਚ ਲਗਪਗ ਪੌਣੇ ਦੋ ਅਰਬ ਆਬਾਦੀ ਨੂੰ ਘਰਾਂ ਅੰਦਰ ਕੈਦ ਹੋ ਕੇ ਰਹਿਣ ਲਈ ਮਜਬੂਰ ਕਰ ਦਿੱਤਾ ਹੈ।

ਹੁਣ ਤਕ 15,873 ਲੋਕਾਂ ਦੀ ਮੌਤ

ਚੀਨ ਦੇ ਵੁਹਾਨ 'ਚ ਲਗਾਤਾਰ ਪੰਜਵੇਂ ਦਿਨ ਵੀ ਕੋਈ ਨਵਾਂ ਮਰੀਜ਼ ਨਹੀਂ ਮਿਲਿਆ ਹੈ। ਵੁਹਾਨ ਤੋਂ ਹੀ ਕੋਰੋਨਾ ਵਾਇਰਸ ਦੇ ਪੂਰੇ ਵਿਸ਼ਵ 'ਚ ਫੈਲਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਦੁਨੀਆ ਭਰ 'ਚ ਇਸ ਮਹਾਮਾਰੀ ਨਾਲ ਹੁਣ ਤਕ 15,873 ਲੋਕਾਂ ਦੀ ਜਾਨ ਜਾ ਚੁੱਕੀ ਹੈ ਤੇ ਸਾਢੇ ਤਿੰਨ ਲਾਖ ਤੋਂ ਜ਼ਿਆਦਾ ਲੋਕ ਸੰਕ੍ਰਮਿਤ ਹੋਏ ਹਨ। ਕੌਮਾਂਤਰੀ ਮੁਦਰਾ ਫੰਡ (ਆਈਐੱਮਐਫ) ਨੇ ਕੋਰੋਨਾ ਕਾਰਨ ਦੁਨੀਆ ਭਰ 'ਚ ਖ਼ਰਾਬ ਆਰਥਿਕ ਮੰਦੀ ਦਾ ਖਦਸ਼ਾ ਪ੍ਰਗਟਾਇਆ ਹੈ।

Posted By: Seema Anand