ਦਲਜੀਤ ਮੱਕੜ, ਮਿਲਾਨ (ਇਟਲੀ) : ਇਟਲੀ ਤੋਂ ਅਤਿ ਦੁੱਖਦਾਈ ਖਬਰ ਸਾਹਮਣੇ ਆਈ ਹੈ।ਵਿਚੈਂਸਾ ਨੇੜਲੇ ਸ਼ਹਿਰ ਮੋਤੇਕੀਉ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਛੇ ਸਾਲਾਂ ਦੀ ਛੋਟੀ ਨੰਨੀ ਬੱਚੀ ਸਹਿਜ ਕੌਰ ਰੱਬ ਨੂੰ ਪਿਆਰੀ ਹੋ ਗਈ ਏ। ਬੀਤੇ ਵੀਰਵਾਰ ਇਹ ਬੱਚੀ ਐਕਸੀਡੈਂਟ ਵਿੱਚ ਜ਼ਖ਼ਮੀ ਹੋ ਗਈ ਸੀ। ਉਸ ਸਮੇਂ ਉਸ ਦੀ ਮਾਤਾ ਸਤਵੀਰ ਕੌਰ ਕਾਰ ਚਲਾ ਰਹੀ ਸੀ। ਅਚਾਨਕ ਬੱਚੀ ਦੀ ਸੀਟ ਬੈਲਟ ਖੁੱਲ੍ਹ ਗਈ ਸੀ ਜਿਸ ਤੇ ਉਸ ਦੀ ਮਾਂ ਦਾ ਧਿਆਨ ਬੱਚੀ ਵੱਲ ਗਿਆ ਤਾਂ ਅਚਾਨਕ ਕਾਰ ਬੇਕਾਬੂ ਹੋ ਕੇ ਦਰੱਖਤ ਵਿੱਚ ਸਿੱਧੇ ਰੂਪ ਵਿੱਚ ਜਾ ਟਕਰਾਈ ਅਤੇ ਬੱਚੀ ਸਹਿਜ ਕੌਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ ਸੀ ਪ੍ਰੰਤੂ ਬੀਤੇ ਦਿਨ ਇਹ ਬੱਚੀ ਵੈਰੋਨਾ ਦੇ ਬੋਰਗੋ ਤਰੈਨਤੋ ਹਸਪਤਾਲ ਵਿੱਚ ਦਮ ਤੋੜ ਗਈ।ਇਸ ਹਾਦਸੇ ਵਿੱਚ ਬੱਚੀ ਦੀ ਮਾਤਾ ਸਤਵੀਰ ਨੂੰ ਵੀ ਕਾਫੀ ਜਿਆਦਾ ਸੱਟਾਂ ਲੱਗੀਆਂ ਹਨ ਅਤੇ ਉਸਦੀ ਦੀ ਬਾਂਹ ਵੀ ਟੁੱਟ ਗਈ ਹੈ। ਬੱਚੀ ਦੇ ਪਿਤਾ ਅਮਰਜੀਤ ਸਿੰਘ ਗੋਪੀ ਜਲੰਧਰ ਜ਼ਿਲ੍ਹੇ ਦੇ ਪਿੰਡ ਸਰਾਏ ਖ਼ਾਸ ਨਾਲ ਸਬੰਧਿਤ ਹਨ ਅਤੇ ਇਹ ਪਰਿਵਾਰ ਪਿਛਲੇ ਕੁੱਝ ਸਾਲਾਂ ਤੋਂ ਵਿਚੈਂਸਾ ਨੇੜਲੇ ਸ਼ਹਿਰ ਤਰੀਸ਼ਨੋ ਵਿਖੇ ਰਹਿੰਦਾ ਹੈ।
Posted By: Jagjit Singh