ਸੁਖਮੰਦਰ ਸਿੰਘ ਬਰਾੜ, ਵੈਨਕੂਵਰ : ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਐਬਟਸਫੋਰਡ ਦੀ ਪੀਰਡਨਵਿਲ ਰੋਡ ਤੇ ਕਲੀਅਰਬਰੁੱਕ ਰੋਡ ਦੀਆਂ ਮੇਨ ਲਾਈਟਾਂ 'ਤੇ ਵੀਰਵਾਰ ਨੂੰ ਤੜਕਸਾਰ ਤਕਰੀਬਨ 5 ਵਜੇ ਦੇ ਕਰੀਬ ਕਾਰ ਸੜਕ ਹਾਦਸੇ 'ਚ ਇਕ 46 ਸਾਲਾ ਔਰਤ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਪੰਜਾਬ ਦੇ ਇਤਿਹਾਸਕ ਸ਼ਹਿਰ ਮੁਕਤਸਰ ਦੇ ਨੇੜਲੇ ਪਿੰਡ ਸੋਥਾ ਦੀ ਬਿੰਦਰਪਾਲ ਕੌਰ ਬਰਾੜ ਆਪਣੇ ਘਰ ਤੋਂ ਨਿਕਲਦੇ ਸਾਰ ਨੇੜਲੇ ਟਿੰਮ ਹੋਰਟਨ 'ਤੇ ਕੰਮ ਲਈ ਜਿਉਂ ਹੀ ਪੈਦਲ ਸੜਕ ਪਾਰ ਕਰਨ ਲੱਗੀ, ਕਲੀਅਰਬਰੁੱਕ ਰੋਡ ‘ਤੇ ਤੇਜ਼ ਰਫ਼ਤਾਰ ਨਾਲ ਆ ਰਹੀ ਇਕ ਕਾਰ ਨੇ ਉਸ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਨਤੀਜੇ ਵਜੋਂ ਬਿੰਦਰਪਾਲ ਕੌਰ ਬਰਾੜ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਬਿੰਦਰਪਾਲ ਕੌਰ ਦੇ ਪਤੀ ਰਖਵੰਤ ਸਿੰਘ ਬਰਾੜ ਮੁਤਾਬਿਕ ਉਹ ਰੋਜ਼ਾਨਾ ਦੀ ਤਰ੍ਹਾਂ ਇਸੇ ਰਸਤੇ ਕੰਮ 'ਤੇ ਪੈਦਲ ਹੀ ਜਾਂਦੇ ਸਨ। ਇਸ ਮੰਦਭਾਗੀ ਘਟਨਾ ਬਾਰੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਘਰ ਦੇ ਬਿਲਕੁਲ ਨੇੜੇ ਹੁੰਦਿਆਂ ਹੋਇਆਂ ਵੀ ਇਸ ਦੁਰਘਟਨਾ ਬਾਰੇ ਅੱਧੇ ਘੰਟੇ ਬਾਅਦ ਉਸ ਸਮੇਂ ਪਤਾ ਲੱਗਿਆ ਜਦੋਂ ਉਨ੍ਹਾਂ ਦਾ ਬੇਟਾ ਘਰੋਂ ਕੰਮ ਵਾਸਤੇ ਜਾਣ ਲੱਗਾ। ਉਹ ਅਗਲੇ ਮਹੀਨੇ ਆਪਣੀ ਭਤੀਜੀ ਦਾ ਵਿਆਹ ਕਰਨ ਲਈ ਇੰਡੀਆ ਜਾਣ ਵਾਲੇ ਸਨ। ਰਖਵੰਤ ਸਿੰਘ ਦਾ ਪਰਿਵਾਰ 2015 ਤੋਂ ਕੈਨੇਡਾ ਰਹਿ ਰਿਹਾ ਹੈ ਅਤੇ ਉਹ ਜ਼ਿਆਦਾ ਸਮਾਂ ਚੰਡੀਗੜ੍ਹ ਰਹੇ ਹਨ। ਬਿੰਦਰਪਾਲ ਕੌਰ ਆਪਣੇ ਪਿੱਛੇ ਪਤੀ ਤੋਂ ਇਲਾਵਾ ਇਕ ਬੇਟਾ ਤੇ ਇਕ ਬੇਟੀ ਛੱਡ ਗਏ ਹਨ।

Posted By: Seema Anand