ਸੰਦੀਪ ਸਿੰਘ ਧੰਜੂ, ਸਰੀ : ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਲਗਾਤਾਰ ਵੱਧ ਰਹੀਆਂ ਜੰਗਲੀ ਅੱਗਾਂ ਦੇ ਬੇਕਾਬੂ ਹੋਣ ਦੇ ਮੱਦੇਨਜ਼ਰ 'ਐਮਰਜੈਂਸੀ ਵਾਲੇ ਹਾਲਾਤਾਂ' ਦਾ ਐਲਾਨ ਕੀਤਾ ਹੈ। ਜਨਤਕ ਸੁਰੱਖਿਆ ਮੰਤਰੀ ਅਤੇ ਅਟਾਰਨੀ ਜਨਰਲ ਮਾਈਕ ਫਾਰਨਵਰਥ ਨੇ ਇਹ ਐਲਾਨ ਕਰਦਿਆਂ ਕਿਹਾ ਹੈ ਕਿ ਇਹ ਐਮਰਜੈਂਸੀ ਪੂਰੇ ਸੂਬੇ ਵਿਚ 21 ਜੁਲਾਈ ਤੋਂ ਲਾਗੂ ਹੋ ਗਈ ਹੈ ਜੋ ਕਿ ਅਗਲੇ 14 ਦਿਨ ਤਕ ਜਾਰੀ ਰਹੇਗੀ ਅਤੇ ਲੋੜ ਪੈਣ ਤੇ ਇਸ ਨੂੰ ਅੱਗੇ ਵੀ ਵਧਾਇਆ ਜਾ ਸਕਦਾ ਹੈ। ਦੱਸਣਯੋਗ ਹੈ ਕਿ ਬ੍ਰਿਟਿਸ਼ ਕੋਲੰਬੀਆ ਵਿਚ ਇਸ ਵੇਲੇ 300 ਤੋਂ ਵਧੇਰੇ ਥਾਵਾਂ ਉਤੇ ਜੰਗਲੀ ਅੱਗਾਂ ਲੱਗੀਆਂ ਹੋਈਆਂ ਹਨ ਅਤੇ ਇਨ੍ਹਾਂ ਅੱਗਾਂ ‘ਤੇ ਕਾਬੂ ਪਾਉਣ ਲਈ ਐਲਬਰਟਾ, ਨਿਊ ਬਰਾਊਂਸਵਿਕ ਅਤੇ ਕਿਊਬਿਕ ਤੋਂ ਆਏ ਹੋਏ 3 000 ਤੋਂ ਵੱਧ ਫਾਇਰਫਾਈਟਰ ਦਿਨ ਰਾਤ ਮਿਹਨਤ ਕਰ ਰਹੇ ਹਨ ਜਦਕਿ ਮੈਕਸੀਕੋ ਤੋਂ ਵੀ 100 ਫਾਇਰ ਫਾਇਟਰਾਂ ਦੀ ਇਕ ਟੀਮ ਇਸ ਹਫਤੇ ਅੰਦਰ ਮਦਦ ਲਈ ਪਹੁੰਚ ਜਾਵੇਗੀ। ਮੰਤਰੀ ਨੇ ਦੱਸਿਆ ਕਿ ਲੋੜ ਪੈਣ ਤੇ ਅਸਟ੍ਰੇਲੀਆ ਤੋਂ ਵੀ ਫਾਇਰ ਫਾਈਟਰ ਮੰਗਵਾਉਣ ਲਈ ਉਹ ਉਥੋਂ ਦੀ ਸਰਕਾਰ ਨਾਲ ਲਗਾਤਾਰ ਸੰਪਰਕ ਵਿਚ ਹਨ।

ਇਹਨਾਂ ਅੱਗਾਂ ਕਾਰਨ ਹਜਾਰਾਂ ਲੋਕ ਪ੍ਰਭਾਵਿਤ ਹੋਏ ਹਨ ਅਤੇ ਉਨਾਂ ਨੂੰ ਸੁਰੱਖਿਅਤ ਥਾਵਾਂ ਤੇ ਲਿਜਾਇਆ ਜਾ ਰਿਹਾ ਹੈ ਜਦਕਿ ਜਿਨਾਂ ਇਲਾਕਿਆਂ ਵਿੱਚ ਅੱਗ ਬੇਕਾਬੂ ਹੋ ਗਈ ਹੈ ਉਥੋਂ ਦੇ ਵਸਨੀਕਾਂ ਨੂੰ ਤੁਰੰਤ ਆਪਣੇ ਘਰ ਬਾਹਰ ਛੱਡਣ ਦੇ ਹੁਕਮ ਦੇ ਦਿੱਤੇ ਗਏ ਹਨ। ਕੁਝ ਇਲਾਕਿਆਂ ਨੂੰ ਕਿਸੇ ਸਮੇਂ ਵੀ ਖਾਲੀ ਕਰਨ ਦੇ ਹੁਕਮਾਂ ਪ੍ਰਤੀ ਅਗਾਊਂ ਸੁਚੇਤ ਕੀਤਾ ਗਿਆ ਹੈ ਅਤੇ ਪ੍ਰਸ਼ਾਸਨ ਵੱਲੋਂ ਇਸ ਸਮੇਂ ਹਫੜਾ ਦਫੜੀ ਤੋਂ ਬਚਣ ਲਈ ਸਮੇਂ ਸਮੇਂ ਤੇ ਸਥਾਨਕ ਅਫਸਰਾਂ ਦੇ ਹੁਕਮ ਅਨੁਸਾਰ ਚੱਲਣ ਦੀ ਅਪੀਲ ਕੀਤੀ ਗਈ ਹੈ। ਸੂਬਾ ਸਰਕਾਰ ਨੇ ਅਤੇ ਨਾਜੁਕ ਹਾਲਾਤਾਂ ਨਾਲ ਨਜਿਠਣ ਲਈ ਹਿਦਾਇਤਾਂ ਦੀ ਇਕ ਲਿਸਟ ਵੀ ਜਾਰੀ ਕੀਤੀ ਹੈ। ਵਰਨਣਯੋਗ ਹੈ ਕਿ ਕੋਵਿਡ ਕਾਰਨ ਸੂਬੇ ਵਿੱਚ ਲੰਬੇ ਸਮੇਂ ਤੋਂ ਲੱਗੀ ਐਮਰਜੈਂਸੀ ਕੁਝ ਦਿਨ ਪਹਿਲਾਂ ਹੀ ਹਟਾਈ ਗਈ ਸੀ।

Posted By: Tejinder Thind