ਕੈਲਗਰੀ : ਚੀਨ ਨੇ ਕੈਨੇਡਾ ਨੂੰ ਸਾਫ਼-ਸਾਫ਼ ਕਿਹਾ ਹੈ ਕਿ ਦੋਵਾਂ ਦੇਸ਼ਾਂ 'ਚ ਚੱਲ ਰਹੇ ਤਣਾਅ ਨੂੰ ਦੂਰ ਕਰਨ ਲਈ ਅਮਰੀਕਾ ਕੋਈ ਭੂਮਿਕਾ ਨਹੀਂ ਨਿਭਾ ਸਕਦਾ ਤੇ ਕੈਨੇਡਾ ਜੇ ਅਜਿਹਾ ਸੋਚਦਾ ਹੈ ਤਾਂ ਇਹ ਉਸ ਦਾ ਭੁਲੇਖਾ ਹੈ ਅਤੇ ਅਜਿਹਾ ਕਰਕੇ ਕੈਨੇਡਾ ਮਾਸੂਮ ਅਤੇ ਅਣਜਾਣ ਬਣਨ ਦੀ ਕੋਸ਼ਿਸ਼ ਨਾ ਕਰੇ।

ਫੈਡਰਲ ਸਰਕਾਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਬੇਨਤੀ 'ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੀ-20 ਸਿਖ਼ਰ ਸੰਮੇਲਨ ਦੌਰਾਨ ਚੀਨੀ ਰਾਸ਼ਟਰਪਤੀ ਸ਼ੀ-ਜਿਨਪਿੰਗ ਨਾਲ ਗੱਲਬਾਤ ਕੀਤੀ ਹੈ। ਉੱਧਰ ਚੀਨ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਟਰੰਪ ਨੇ 'ਲਿਪ ਸਰਵਿਸ' ਦਿੱਤੀ ਹੈ ਤੇ ਅਮਰੀਕਾ, ਕੈਨੇਡਾ-ਚੀਨ ਦੇ ਮਾਮਲਿਆਂ ਵਿਚ ਦਖ਼ਲਅੰਦਾਜ਼ੀ ਨਹੀਂ ਕਰ ਸਕਦਾ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸ਼ੂ-ਐਂਗ ਦਾ ਕਹਿਣਾ ਹੈ ਕਿ ਕੈਨੇਡਾ ਇਹ ਨਾ ਸੋਚੇ ਕਿ ਉਹ ਆਪਣੇ ਸਾਥੀਆਂ ਕੋਲੋਂ ਚੀਨ ਉਪਰ ਪ੍ਰੈਸ਼ਰ ਪੁਆ ਸਕਦਾ ਹੈ। ਚੇਤੇ ਰਹੇ ਕਿ ਚੀਨ ਦੀ ਇਕ ਕੰਪਨੀ ਦੀ ਉੱਚ ਅਧਿਕਾਰੀ ਨੂੰ ਅਮਰੀਕਾ ਦੇ ਕਹਿਣ 'ਤੇ ਕੈਨੇਡਾ ਵਿਚ ਗਿ੍ਫ਼ਤਾਰ ਕੀਤੇ ਜਾਣ ਪਿਛੋਂ ਕੈਨੇਡਾ-ਚੀਨ ਰਿਸ਼ਤਿਆਂ 'ਚ ਕੁੜੱਤਣ ਚੱਲ ਰਹੀ ਹੈ ਤੇ ਚੀਨ ਨੇ ਕਾਰਵਾਈ ਕਰਦਿਆਂ ਕੈਨੇਡਾ ਦੇ ਵਪਾਰਕ ਹਿੱਤਾਂ ਨੂੰ ਨੁਕਸਾਨ ਪਹੁੰਚਾਇਆ ਹੈ।