ਵਾਸ਼ਿੰਗਟਨ : ਅਮਰੀਕਾ ਦੀ ਮੁੱਖ ਕੂਟਨੀਤਕ ਐਲਿਸ ਵੇਲਸ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਨੂੰ ਸੱਚਾ ਦੋਸਤ ਮੰਨਦੇ ਹਨ। ਵੇਲਸ ਨੇ ਪਿਛਲੇ ਦੋ ਸਾਲ ਦੌਰਾਨ ਭਾਰਤ ਨਾਲ ਸਬੰਧ ਮਜ਼ਬੂੁਤ ਕਰਨ ਲਈ ਅਮਰੀਕਾ ਵੱਲੋਂ ਚੁੱਕੇ ਗਏ ਕਦਮਾਂ ਦਾ ਜ਼ਿਕਰ ਵੀ ਕੀਤਾ।

ਦੱਖਣੀ ਅਤੇ ਮੱਧ ਏਸ਼ੀਆ ਮਾਮਲਿਆਂ ਨਾਲ ਜੁੜੀ ਉਪ ਸਹਾਇਕ ਵਿਦੇਸ਼ ਮੰਤਰੀ ਐਲਿਸ ਵੇਲਸ ਨੇ ਇਹ ਟਿੱਪਣੀ ਸੇਵਾਮੁਕਤ ਹੋ ਰਹੇ ਭਾਰਤੀ ਰਾਜਦੂਤ ਨਵਤੇਜ ਸਿੰਘ ਸਰਨਾ ਦੇ ਸਨਮਾਨ 'ਚ ਅਮਰੀਕੀ ਵਿਦੇਸ਼ ਮੰਤਰਾਲੇ ਵੱਲੋਂ ਦਿੱਤੇ ਗਏ ਵਿਦਾਈ ਸਮਾਗਮ 'ਚ ਕੀਤੀ। ਸਰਨਾ ਨੂੰ ਇਥੇ ਸਥਿਤ ਇਤਿਹਾਸਕ ਬਲੇਅਰ ਹਾਊਸ 'ਚ ਦਿੱਤੇ ਗਏ ਵਿਦਾਈ ਸਮਾਗਮ 'ਚ ਅਮਰੀਕੀ ਵਿਦੇਸ਼ ਮੰਤਰਾਲੇ ਅਤੇ ਵ੍ਹਾਈਟ ਹਾਊਸ ਦੇ ਕਈ ਪ੍ਰਮੁੱਖ ਅਧਿਕਾਰੀ ਮੌਜੂਦ ਸਨ। ਬਲੇਅਰ ਹਾਊਸ ਅਮਰੀਕੀ ਰਾਸ਼ਟਰਪਤੀ ਦਾ ਸਰਕਾਰੀ ਗੈਸਟ ਹਾਊਸ ਹੈ। ਵਿਦੇਸ਼ ਮੰਤਰਾਲੇ ਸੇਵਾਮੁਕਤ ਹੋਣ ਵਾਲੇ ਕਿਸੇ ਵਿਦੇਸ਼ੀ ਕੂਟਨੀਤਕ ਨੂੰ ਆਮ ਤੌਰ 'ਤੇ ਇਸ ਥਾਂ 'ਤੇ ਵਿਦਾਈ ਨਹੀਂ ਦਿੰਦਾ। ਸਰਨਾ ਨੂੰ 5 ਨਵੰਬਰ, 2016 ਨੂੰ ਅਮਰੀਕਾ 'ਚ ਭਾਰਤ ਦਾ ਰਾਜਦੂਤ ਨਿਯੁਕਤ ਕੀਤਾ ਗਿਆ ਸੀ। ਵੇਲਸ ਨੇ ਅਮਰੀਕਾ 'ਚ ਸਰਨਾ ਦੇ ਕਾਰਜਕਾਲ ਨੂੰ ਵਿਸ਼ੇਸ਼ ਕਰਾਰ ਦਿੰਦੇ ਹੋਏ ਕਿਹਾ ਕਿ ਪਿਛਲੇ ਦੋ ਸਾਲ ਦੌਰਾਨ ਅਸੀਂ ਇਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਾਸ਼ਟਰਪਤੀ ਟਰੰਪ ਨਾਲ ਸਿਖਰ ਵਾਰਤਾ ਦੀ ਮੇਜ਼ਬਾਨੀ ਕੀਤੀ ਜੋ ਬਹੁਤ ਸਫਲ ਰਹੀ।