ਬ੍ਰੈਂਪਟਨ (ਏਜੰਸੀ) : ਪੀਲ ਪੁਲਿਸ ਨੇ ਤਿੰਨ ਪੰਜਾਬੀਆਂ ਨੂੰ ਚੋਰੀ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੀ ਗ੍ਰਿਫ਼ਤਾਰੀ ਪੀੜਤ ਵਲੋਂ ਕੀਤੀ ਇਸ ਸ਼ਿਕਾਇਤ ’ਤੇ ਕੀਤੀ ਗਈ ਕਿ ਉਸਦਾ ਵਾਹਨ ਤੇ ਜਾਇਦਾਦ ਚੋਰੀ ਹੋ ਗਈ ਹੈ। ਸ਼ਨਿਚਰਵਾਰ ਨੂੰ ਰਾਤ 8 ਵਜੇ ਪੀੜਤ ਜਦੋਂ ਆਪਣੇ ਵਾਹਨ ’ਚ ਵਿਲੀਅਮਸ ਪਾਰਕਵੇਅ ਤੇ ਐਲਬਰਨ ਮਾਰਕੈਲ ਇਲਾਕੇ ’ਚ ਘੁੰਮ ਰਹੇ ਸਨ ਤਾਂ ਪਿੱਛੋਂ ਤੋ ਐੱਸਯੂਵੀ ਨੇ ਜਾਣਬੁੱਝ ਕੇ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾਰੀ। ਬਾਅਦ ’ਚ ਪੁਲਿਸ ਨੇ ਦੇਖਿਆ ਕਿ ਐੱਸਯੂਵੀ ਚੋਰੀ ਹੋ ਗਈ ਹੈ।

ਪੁਲਿਸ ਮੁਤਾਬਕ, ਪੀੜਤ ਡਰ ਦੇ ਮਾਰੇ ਇਕ ਘਰ ’ਚ ਲੁੱਕ ਗਏ। ਚਾਰ ਵਿਅਕਤੀ ਉਨ੍ਹਾਂ ਦਾ ਪਿੱਛਾ ਕਰਦੇ ਹੋਏ ਹਥਿਆਰ ਲੈ ਕੇ ਉੱਥੇ ਪੁੱਜ ਗਏ ਅਤੇ ਪੀੜਤਾਂ ਦੀ ਗੱਡੀ ਤੇ ਉਸ ਵਿਚ ਪਏ ਇਲੈਕਟ੍ਰਾਨਿਕਸ ਦਾ ਸਾਮਾਨ ਚੋਰੀ ਕਰਨ ਲਈ ਅੱਗੇ ਵਧੇ। ਅਫਸਰਾਂ ਨੇ ਪੀੜਤਾਂ ਦੇ ਵਾਹਨ ਤੇ ਐੱਸਯੂਵੀ ਦੀ ਲੋਕੇਸ਼ਨ ਦਾ ਪਤਾ ਲਗਾ ਲਿਆ।

ਇਸ ਮਾਮਲੇ ’ਚ ਉਨ੍ਹਾਂ ਦੋ ਵਿਅਕਤੀਆਂ ਨੂੰ ਟੋਰਾਂਟੋ ’ਚ ਗਿ੍ਫ਼ਤਾਰ ਕੀਤਾ। ਤੀਜਾ ਵਿਅਕਤੀ ਬ੍ਰੈਂਪਟਨ ’ਚ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸਿਮਰਨਜੀਤ ਨਾਰੰਗ (29), ਦਵਿੰਦਰਮਾਨ (36) ਤੇ ਆਦਿਸ਼ ਸ਼ਰਮਾ (27) ਵਜੋਂ ਕੀਤੀ ਗਈ ਹੈ। ਚੌਥਾ ਸ਼ੱਕੀ ਹਾਲੇ ਫ਼ਰਾਰ ਹੈ। ਪੁਲਿਸ ਅਧਿਕਾਰੀ ਉਸਦੀ ਭਾਲ ’ਚ ਲੱਗੇ ਹੋਏ ਹਨ। ਉਨ੍ਹਾਂ ਕੋਲੋਂ ਹਾਲੇ ਤਕ ਚੋਰੀ ਕੀਤਾ ਇਲੈਕਟ੍ਰਾਨਿਕਸ ਦਾ ਸਾਮਾਨ ਬਰਾਮਦ ਨਹੀਂ ਕੀਤਾ ਗਿਆ। ਇਨ੍ਹਾਂ ’ਚ ਐਪਲ ਦੇ ਕੰਪਿਊਟਰ ਤੇ ਆਈ ਫੋਨ ਸ਼ਾਮਲ ਹਨ।

Posted By: Seema Anand