ਟੋਰਾਂਟੋ: ਸਥਾਨਕ ਸ਼ਹਿਰ ਵਿਚ ਦਿਨ-ਦਿਹਾੜੇ ਘਰ ਦੇ ਸਾਹਮਣੇ ਕਾਰ 'ਚੋਂ ਬਾਹਰ ਨਿਕਲ ਰਹੇ ਇਕ ਵਿਅਕਤੀ ਨੂੰ ਹਥਿਆਰਬੰਦ ਨਕਾਬਪੋਸ਼ ਨੇ ਗੋਲੀ ਮਾਰ ਦਿੱਤੀ। ਹਮਲੇ 'ਚ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ।

ਡਰਹਮ ਰੀਜਨ ਦੀ ਪੁਲਿਸ ਨੇ ਘਟਨਾ ਦੀ ਵੀਡੀਓ ਜਨਤਕ ਕਰਦਿਆਂ ਹਮਲਾਵਰ ਦੀ ਸ਼ਨਾਖ਼ਤ ਲਈ ਲੋਕਾਂ ਤੋਂ ਮਦਦ ਮੰਗੀ ਹੈ। ਪੁਲਿਸ ਨੇ ਦੱਸਿਆ ਕਿ ਇਹ ਵਾਰਦਾਤ ਸੋਮਵਾਰ ਸ਼ਾਮ 5 ਵਜੇ ਟਵਿਨ ਰਿਵਰਜ਼ ਡਰਾਈਵ ਅਤੇ ਐਲਟਨ ਰੋਡ ਇਲਾਕੇ ਵਿਚ ਵੁਡਵਿਊ ਡਰਾਈਵ ਵਿਖੇ ਸਥਿਤ ਇਕ ਮਕਾਨ ਦੇ ਬਾਹਰ ਵਾਪਰੀ। ਗੋਲੀਆਂ ਲੱਗਣ ਕਾਰਨ 37 ਸਾਲ ਦਾ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਨਿਗਰਾਨੀ ਕੈਮਰੇ ਦੀ ਵੀਡੀਓ ਵਿਚ ਨਜ਼ਰ ਆ ਰਿਹਾ ਹੈ ਕਿ ਇਕ ਸ਼ਖਸ ਆਪਣੇ ਘਰ ਦੇ ਬਾਹਰ ਗੱਡੀ ਰੋਕਦਾ ਜਦਕਿ ਇਕ ਹੋਰ ਗੱਡੀ ਜੋ ਸੰਭਾਵਤ ਤੌਰ 'ਤੇ ਉਸ ਦਾ ਪਿੱਛਾ ਕਰ ਰਹੀ ਸੀ ਕੁਝ ਦੂਰੀ 'ਤੇ ਆ ਕੇ ਰੁਕਦੀ ਹੈ। ਪਰ ਕਿਸੇ ਕਾਰਨ ਉਹ ਗੱਡੀ ਇਕ ਵਾਰ ਉਥੋਂ ਚਲੀ ਜਾਂਦੀ ਹੈ ਅਤੇ ਫਿਰ ਗੇੜਾ ਖਾ ਕੇ ਉਥੇ ਰੁਕਦੀ ਹੈ। ਗੱਡੀ ਵਿਚੋਂ ਇਕ ਹਥਿਆਰਬੰਦ ਨਕਾਬਪੋਸ਼ ਨਿਕਲਦਾ ਅਤੇ ਕਈ ਗੋਲੀਆਂ ਮਾਰ ਕੇ ਫ਼ਰਾਰ ਹੋ ਜਾਂਦਾ ਹੈ। ਪੁਲਿਸ ਮੁਤਾਬਕ ਗੱਡੀ ਵਿਚ ਘੱਟੋ-ਘੱਟ ਚਾਰ ਜਣੇ ਸਵਾਰ ਸਨ ਜਿਨ੍ਹਾਂ ਵਿਚੋਂ ਬਾਹਰ ਨਿਕਲਿਆ। ਜਾਂਚਕਰਤਾਵਾਂ ਮੁਤਾਬਕ ਇਹ ਹਮਲਾ ਸੋਚੀ-ਸਮਝੀ ਸਾਜ਼ਿਸ਼ ਤਹਿਤ ਕੀਤਾ ਗਿਆ। ਹਮਲਾਵਰ ਦਾ ਕੱਦ 5 ਫੁੱਟ 10 ਇੰਚ ਅਤੇ ਸਰੀਰ ਪਤਲਾ ਦੱਸਿਆ ਗਿਆ ਹੈ।

Posted By: Jagjit Singh