ਕਮਲਜੀਤ ਬੁੱਟਰ, ਕੈਲਗਰੀ : ਕੈਲਗਰੀ ਸਟੈਂਪੀਡ ਦਾ 10 ਦਿਨ ਚੱਲਣ ਵਾਲਾ ਮੇਲਾ ਮੌਸਮ ਦੀ ਖ਼ਰਾਬੀ ਦੇ ਬਾਵਜੂਦ ਲੋਕਾਂ ਦੇ ਅਥਾਹ ਇਕੱਠ ਨੂੰ ਆਪਣੇ ਵੱਲ ਲਗਾਤਾਰ ਖਿੱਚ ਰਿਹਾ ਹੈ। ਪਹਿਲੇ ਦਿਨ ਸ਼ੁੱਕਰਵਾਰ ਨੂੰ ਇਕ ਲੱਖ ਤੋਂ ਵੱਧ ਲੋਕਾਂ ਨੇ ਇਸ ਵਿਚ ਹਾਜ਼ਰੀ ਲਗਵਾਈ। ਵੀਕ-ਐਂਡ ਦੌਰਾਨ ਤਿੰਨ ਫੈਡਰਲ ਆਗੂਆਂ ਨੇ ਇਸ ਵਿਚ ਹਾਜ਼ਰੀ ਭਰੀ। ਫੈਡਰਲ ਗ੍ਰੀਨ ਪਾਰਟੀ ਆਗੂ ਐਲਿਜ਼ਾਬੈੱਥ ਮੇਅ ਅਤੇ ਫੈਡਰਲ ਕੰਜ਼ਰਵੇਟਿਵ ਪਾਰਟੀ ਆਗੂ ਐਂਡਰਿਊ ਸ਼ੀਅਰ ਨੇ ਪੈਨ-ਕੇਕ ਬ੍ਰੁਕਫਾਸਟ ਦੇ ਵੱਖ-ਵੱਖ ਪ੍ਰੋਗਰਾਮਾਂ ਵਿਚ ਸ਼ਾਮਿਲ ਹੋ ਕੇ ਲੋਕਾਂ ਨਾਲ ਗੱਲਬਾਤ ਕੀਤੀ। ਪੀਪਲ'ਜ਼ ਪਾਰਟੀ ਆਫ ਕੈਨੇਡਾ ਦੇ ਆਗੂ ਮੈਕਸੀਮ ਬਰਨੀਏ ਵੀ ਕੈਲਗਰੀ ਵਿਚ ਪਹੁੰਚੇ ਹੋਏ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਅਸਲ ਕੰਜ਼ਰਵੇਟਿਵ ਸਿਧਾਂਤਾਂ 'ਤੇ ਚੱਲ ਰਹੀ ਹੈ। ਪਾਈਨ ਰਿਜ ਕਮਿਊਨਿਟੀ ਵਿਚ ਉਨ੍ਹਾਂ ਦੀ ਸ਼ਮੂਲੀਅਤ ਵਾਲੀ ਸਟੈਂਪੀਡ ਮੀਟਿੰਗ ਵਿਚ ਕਾਫ਼ੀ ਭਰਵਾਂ ਇਕੱਠ ਹੋਇਆ। ਸੈਸਕੈਚਵਾਨ, ਨਾਰਥ-ਵੈਸਟ ਟੈਰੇਟਰੀਜ਼, ਓਂਟਾਰੀਓ ਅਤੇ ਨਿਊ ਬ੍ੰਜ਼ਵਿਕ ਦੇ ਪ੍ਰੀਮੀਅਰਜ਼ ਵੀ ਬੀਤੀ ਰਾਤ ਐਲਬਰਟਾ ਪ੍ਰੀਮੀਅਰ ਜੇਸਨ ਕੈਨੀ ਦੇ ਸੱਦੇ 'ਤੇ ਸਟੈਂਪੀਡ ਵਿਚ ਸ਼ਾਮਿਲ ਹੋਏ ਤੇ ਸੈਸਕਾਟੌਨ ਰਵਾਨਾ ਹੋਣ ਤੋਂ ਪਹਿਲਾਂ ਅੱਜ ਵੀ ਉਹ ਕਈ ਪ੍ਰੋਗਰਾਮਾਂ 'ਚ ਹਿੱਸਾ ਲੈਣਗੇ। ਸੂਬਾਈ ਪਾਰਟੀਆਂ ਦੇ ਆਗੂ ਤੇ ਐੱੱਮਐੱਲਏ ਵੀ ਵੱਖ-ਵੱਖ ਪ੍ਰੋਗਰਾਮਾਂ 'ਚ ਸ਼ਾਮਲ ਹੋ ਕੇ ਸੋਸ਼ਲ ਮੀਡੀਆ 'ਤੇ ਸਰਗਰਮ ਰਹੇ।ਯੂਸੀਪੀ ਆਗੂ ਜੇਸਨ ਕੈਨੀ, ਐੱਨਡੀਪੀ ਆਗੂ ਰੇਚੈਲ ਨੌਟਲੀ, ਐਲਬਰਟਾ ਲਿਬਰਲ ਪਾਰਟੀ ਲੀਡਰ ਡੇਵਿਡ ਖਾਨ ਅਤੇ ਵੱਖ-ਵੱਖ ਵਿਧਾਇਕਾਂ ਨੇ ਇਨ੍ਹਾਂ ਪ੍ਰੋਗਰਾਮਾਂ ਵਿਚ ਹਾਜ਼ਰੀ ਲਗਵਾਈ। ਫੈਡਰਲ ਕੰਜ਼ਰਵੇਟਿਵ ਪਾਰਟੀ ਵੱਲੋਂ ਰੱਖੇ ਗਏ ਸੋਲਡ-ਆਊਟ ਫੰਡ ਰੇਜ਼ਰ ਪ੍ਰੋਗਰਾਮ ਵਿਚ ਐਂਡਰਿਊ ਸ਼ੀਅਰ ਅਤੇ ਜੇਸਨ ਕੈਨੀ ਨੇ ਫੈਡਰਲ ਲਿਬਰਲ ਪਾਰਟੀ ਦੀ ਸਰਕਾਰ ਨੂੰ ਨਿਸ਼ਾਨਾ ਬਣਾਇਆ।