ਕਮਲਜੀਤ ਬੁੱਟਰ, ਕੈਲਗਰੀ : ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਦੀ ਪ੍ਰਬੰਧਕ ਕਮੇਟੀ ਵੱਲੋਂ ਪਹਿਲੀ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ 'ਤੇ ਖ਼ਾਲਸਾ ਸਕੂਲ ਲਈ ਨਵੇਂ ਖੇਡ ਮੈਦਾਨ ਬਣਾਉਣ ਦਾ ਫ਼ੈਸਲਾ ਲਿਆ ਗਿਆ ਹੈ ਜਿਸ ਸਬੰਧੀ ਸ਼ਨਿਚਰਵਾਰ ਨੂੰ ਕਮੇਟੀ ਨੇ ਮੀਡੀਆ ਨੂੰ ਇਸ ਪੂਰੇ ਪ੍ਰਰਾਜੈਕਟ ਬਾਰੇ ਜਾਣਕਾਰੀ ਦਿੱਤੀ।

ਗੁਰਦੁਆਰਾ ਕਮੇਟੀ ਨੇ ਮੀਡੀਆ ਨੂੰ ਉਸ ਥਾਂ ਦਾ ਦੌਰਾ ਕਰਵਾਇਆ ਜਿਥੇ ਖੇਡ ਮੈਦਾਨਾਂ ਦਾ ਨਿਰਮਾਣ ਕੀਤਾ ਜਾਣਾ ਹੈ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਮਨਪ੍ਰੀਤ ਸਿੰਘ ਗਿੱਲ ਤੇ ਚੇਅਰਮੈਨ ਹਰਜੀਤ ਸਿੰਘ ਸਰੋਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖ਼ਾਲਸਾ ਸਕੂਲ ਕੋਲ ਕੁੱਲ ਚਾਰ ਏਕੜ ਜ਼ਮੀਨ ਹੈ ਤੇ ਚਾਰ ਏਕੜ ਲੀਜ਼ 'ਤੇ ਲਈ ਹੋਈ ਹੈ। ਇਸ ਤੋਂ ਇਲਾਵਾ ਛੇ ਏਕੜ ਹੋਰ ਜ਼ਮੀਨ ਵੀ ਲੈਣ ਦਾ ਪ੍ਰੋਗਰਾਮ ਹੈ ਜਿਸ ਨੂੰ ਲੀਜ਼ ਦੀ ਥਾਂ ਖ਼ਰੀਦਣ ਦਾ ਹੀ ਵਿਚਾਰ ਕੀਤਾ ਜਾ ਰਿਹਾ ਹੈ। ਇਸ ਜ਼ਮੀਨ 'ਤੇ ਚਾਰ ਖੇਡ ਮੈਦਾਨ ਬਣਾਏ ਜਾਣਗੇ।ਪ੍ਰਬੰਧਕ ਕਮੇਟੀ ਨੇ ਕਿਹਾ ਕਿ ਇਹ ਖੇਡ ਮੈਦਾਨ ਜਿਥੇ ਖ਼ਾਲਸਾ ਸਕੂਲ ਦੇ ਬੱਚਿਆਂ ਲਈ ਸਹਾਈ ਹੋਣਗੇ ਉਥੇ ਹੀ ਕੈਲਗਰੀ ਵਾਸੀਆਂ ਲਈ ਵੀ ਸਹਾਈ ਹੋਣਗੇ ਜਿੱਥੇ ਅਸੀਂ ਆਪਣੇ ਸੱਭਿਆਚਾਰਕ ਤੇ ਖੇਡਾਂ ਨਾਲ ਜੁੜੇ ਪ੍ਰਰੋਗਰਾਮ ਵੀ ਕਰਵਾ ਸਕਦੇ ਹਾਂ ਕਿਉਂਕਿ ਸਾਡੇ ਕੋਲ ਇਨਡੋਰ ਤੇ ਆਊਟਡੋਰ ਖੇਡ ਮੈਦਾਨਾਂ ਦੀ ਬਹੁਤ ਘਾਟ ਹੈ। ਇਹ ਖੇਡ ਮੈਦਾਨ ਇਕੱਲੇ ਪੰਜਾਬੀ ਭਾਈਚਾਰੇ ਲਈ ਹੀ ਨਹੀਂ ਸਗੋਂ ਹਰ ਭਾਈਚਾਰੇ ਦੇ ਲੋਕ ਇਨ੍ਹਾਂ ਖੇਡ ਮੈਦਾਨਾਂ ਨੂੰ ਖੇਡਾਂ ਲਈ ਵਰਤ ਸਕਦੇ ਹਨ। ਗੁਰਦੁਆਰਾ ਕਮੇਟੀ ਨੇ ਦੱਸਿਆ ਕਿ 10 ਨਵੰਬਰ ਨੂੰ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਵਿਖੇ ਖੇਡ ਮੈਦਾਨਾਂ ਲਈ ਫੰਡ ਇਕੱਠਾ ਕੀਤਾ ਜਾਵੇਗਾ।

ਕੈਪਸ਼ਨ : ਮੀਡੀਆ ਨੂੰ ਖੇਡ ਮੈਦਾਨਾਂ ਬਾਰੇ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ।