ਲਾਸ ਏਂਜਲਸ (ਏਜੰਸੀਆਂ) : ਦੁਨੀਆ 'ਚ ਕੋਰੋਨਾ ਮਹਾਮਾਰੀ ਨਾਲ ਸਭ ਤੋਂ ਜ਼ਿਆਦਾ ਜੂਝ ਰਹੇ ਅਮਰੀਕਾ 'ਚ ਜਨਜੀਵਨ ਨੂੰ ਆਮ ਵਾਂਗ ਕਰਨ ਦੀ ਕੋਸ਼ਿਸ਼ ਵਿਚ ਪਾਬੰਦੀਆਂ ਵਿਚ ਹੁਣ ਢਿੱਲ ਦੇਣ ਦੀ ਕਵਾਇਦ ਸ਼ੁਰੂ ਹੋ ਗਈ ਹੈ। ਇਸੇ ਕੋਸ਼ਿਸ਼ ਵਿਚ ਕੈਲੀਫੋਰਨੀਆ ਸੂਬੇ ਵਿਚ ਕਰੀਬ ਛੇ ਹਫ਼ਤੇ ਬਾਅਦ ਸਮੁੱਦਰ ਤੱਟਾਂ ਨੂੰ ਖੋਲ੍ਹ ਦਿੱਤਾ ਗਿਆ ਹੈ। ਇਸੇ ਤਰ੍ਹਾਂ ਅਮਰੀਕਾ 'ਚ ਮਹਾਮਾਰੀ ਦਾ ਕੇਂਦਰ ਬਣੇ ਨਿਊਯਾਰਕ ਸੂਬੇ ਦੇ ਕੁਝ ਖੇਤਰਾਂ ਵਿਚ ਕਾਰੋਬਾਰਾਂ ਨੂੰ ਬਹਾਲ ਕਰਨ ਦੀ ਤਿਆਰੀ ਸ਼ੁਰੂ ਹੋ ਗਈ ਹੈ। ਕਈ ਅਮਰੀਕੀ ਸੂਬਿਆਂ ਵਿਚ ਕੁਝ ਉਦਯੋਗ-ਧੰਦਿਆਂ ਨੂੰ ਪਹਿਲਾਂ ਹੀ ਸ਼ੁਰੂ ਕੀਤਾ ਜਾ ਚੁੱਕਾ ਹੈ। ਅਮਰੀਕਾ ਵਿਚ ਹੁਣ ਤਕ ਕੁਲ 14 ਲੱਖ 30 ਹਜ਼ਾਰ ਤੋਂ ਜ਼ਿਆਦਾ ਲੋਕ ਕੋਰੋਨਾ ਨਾਲ ਪੀੜਤ ਪਾਏ ਗਏ ਹਨ, ਜਦਕਿ 85 ਹਜ਼ਾਰ ਤੋਂ ਜ਼ਿਆਦਾ ਜਾਨ ਗੁਆ ਚੁੱਕੇ ਹਨ।

ਕੈਲੀਫੋਰਨੀਆ ਦੇ ਲਾਸ ਏਂਜਲਸ ਸ਼ਹਿਰ ਵਿਚ ਬੁੱਧਵਾਰ ਨੂੰ ਸਮੁੰਦਰ ਤੱਟਾਂ 'ਤੇ ਕਰੀਬ ਡੇਢ ਮਹੀਨੇ ਬਾਅਦ ਲੋਕਾਂ ਦੀ ਚਹਿਲਕਦਮੀ ਦੇਖਣ ਨੂੰ ਮਿਲੀ। ਹਾਲਾਂਕਿ ਨਵੇਂ ਨਿਯਮਾਂ ਤਹਿਤ ਲੋਕਾਂ ਲਈ ਸਮੁੰਦਰ ਤੱਟਾਂ 'ਤੇ ਮਾਸਕ ਪਾਉਣਾ ਜ਼ਰੂਰੀ ਕੀਤਾ ਗਿਆ ਹੈ। ਪਾਣੀ ਵਿਚ ਜਾਣ ਦੀ ਮਨਾਹੀ ਹੈ। ਸਮੁੰਦਰ ਤੱਟਾਂ 'ਤੇ ਬੈਠਣ 'ਤੇ ਵੀ ਰੋਕ ਲਗਾਈ ਗਈ ਹੈ। ਇਕ ਕਰੋੜ ਦੀ ਆਬਾਦੀ ਵਾਲੇ ਲਾਸ ਏਂਜਲਸ ਦੀ ਸਿਹਤ ਨਿਰਦੇਸ਼ਕ ਬਾਰਬਰਾ ਫੇਰਰ ਨੇ ਦੱਸਿਆ ਕਿ ਘਰਾਂ ਵਿਚ ਰਹਿਣ ਦਾ ਆਦੇਸ਼ ਪੂਰੀ ਗਰਮੀ ਦੌਰਾਨ ਪ੍ਰਭਾਵੀ ਰਹੇਗਾ। ਹਾਲਾਂਕਿ, ਪਾਬੰਦੀਆਂ ਵਿਚ ਕੁਝ ਢਿੱਲ ਦਿੱਤੀ ਜਾਵੇਗੀ। ਕੈਲੀਫੋਰਨੀਆ ਦੇ ਕਈ ਦੂਜੇ ਇਲਾਕਿਆਂ ਵਿਚ ਵੀ ਪਾਬੰਦੀਆਂ ਵਿਚ ਢਿੱਲ ਦਿੱਤੀ ਗਈ ਹੈ।

ਇਸ ਵਿਚਾਲੇ ਨਿਊਯਾਰਕ ਦੇ ਗਵਰਨਰ ਐਂਡਰਿਊ ਕੁਓਮੋ ਨੇ ਦੱਸਿਆ ਕਿ ਸੂਬੇ ਦੇ ਪੇਂਡੂ ਉੱਤਰੀ ਕਾਊਂਟੀ ਵਿਚ ਕੁਝ ਦਿਨਾਂ ਵਿਚ ਕਾਰੋਬਾਰੀ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਸੂਬੇ ਵਿਚ ਮਹਾਮਾਰੀ ਦੀ ਰੋਕਥਾਮ ਲਈ ਲਗਾਏ ਗਏ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਵਿਚ ਹੌਲੀ-ਹੌਲੀ ਢਿੱਲ ਦਿੱਤੀ ਜਾਵੇਗੀ। ਨਿਊਯਾਰਕ ਵਿਚ ਸਾਢੇ ਤਿੰਨ ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਦੀ ਲਪੇਟ ਵਿਚ ਹਨ। ਹੁਣ ਤਕ 27 ਹਜ਼ਾਰ ਤੋਂ ਜ਼ਿਆਦਾ ਮੌਤਾਂ ਵੀ ਹੋ ਚੁੱਕੀਆਂ ਹਨ।

ਹਾਲੇ ਹੋਰ ਲੱਖਾਂ ਲੋਕ ਕਰਨਗੇ ਬੇਰੁਜ਼ਗਾਰੀ ਲਾਭ ਲਈ ਦਾਅਵਾ

ਕੋਰੋਨਾ ਮਹਾਮਾਰੀ ਕਾਰਨ ਅਮਰੀਕਾ ਦੀ ਅਰਥਵਿਵਸਥਾ ਠੱਪ ਪਈ ਹੈ। ਨਤੀਜਨ ਕਰੀਬ 3.3 ਕਰੋੜ ਲੋਕ ਪਿਛਲੇ ਹਫ਼ਤੇ ਤਕ ਬੇਰੁਜ਼ਗਾਰੀ ਲਾਭ ਲਈ ਅਰਜ਼ੀਆਂ ਦੇ ਚੁੱਕੇ ਹਨ। ਅਧਿਕਾਰੀਆਂ ਨੇ ਇਹ ਸੰਭਾਵਨਾ ਪ੍ਰਗਟਾਈ ਹੈ ਕਿ ਹਾਲੇ ਹੋਰ ਲੱਖਾਂ ਲੋਕ ਅਰਜ਼ੀਆਂ ਦੇਣਗੇ। ਅਮਰੀਕਾ ਵਿਚ ਕੋਰੋਨਾ ਮਹਾਮਾਰੀ ਕਾਰਨ ਪੂਰਾ ਟਰੈਵਲ ਅਤੇ ਸੈਰ-ਸਪਾਟਾ ਉਦਯੋਗ ਤਬਾਹ ਹੋ ਚੁੱਕਾ ਹੈ। ਦੇਸ਼ ਵਿਚ ਉਦਯੋਗ-ਧੰਦੇ ਠੱਪ ਪਏ ਹਨ ਅਤੇ ਦਫ਼ਤਰ ਵੀ ਬੰਦ ਹਨ। ਬੇਰੁਜ਼ਗਾਰੀ ਦਰ ਹੁਣ ਤਕ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਈ ਹੈ।