ਓਟਾਵਾ (ਏਐੱਨਆਈ) : ਭਾਰਤੀ-ਕੈਨੇਡਿਆਈ ਐੱਮਪੀ ਰਮੇਸ਼ ਸਿੰਘ ਸੰਘਾ ਕੈਨੇਡਾ ਦੇ ਕੁਝ ਸਿੱਖ ਐੱਮਪੀਜ਼ 'ਤੇ ਜੰਮ ਕੇ ਵਰ੍ਹੇ। ਉਨ੍ਹਾਂ ਕੈਨੇਡਾ ਦੀ ਸੰਸਦ ਵਿਚ ਬੋਲਦੇ ਹੋਏ ਸਿੱਧੇ ਦੋਸ਼ ਲਗਾਇਆ ਕਿ ਕੁਝ ਸਿੱਖ ਐੱਮਪੀ ਭਾਰਤ ਖ਼ਿਲਾਫ਼ ਆਪਣੇ ਏਜੰਡੇ 'ਤੇ ਕੰਮ ਕਰ ਰਹੇ ਹਨ। ਇਹ ਸਾਰੇ ਖ਼ਾਲਿਸਤਾਨੀਆਂ ਦਾ ਸਮਰਥਨ ਕਰ ਰਹੇ ਹਨ, ਇਹ ਸਿੱਧੇ ਤੌਰ 'ਤੇ ਭਾਰਤ ਦੇ ਅੰਦਰੂਨੀ ਮਾਮਲਿਆਂ ਵਿਚ ਦਖ਼ਲ ਦੇਣਾ ਹੈ।

ਸੰਸਦ ਦੀ ਵਰਚੁਅਲ ਬੈਠਕ ਵਿਚ ਐੱਮਪੀ ਸੰਘਾ ਨੇ ਕਿਹਾ ਕਿ ਮੈਨੂੰ ਸਿੱਖ ਹੋਣ ਅਤੇ ਕੈਨੇਡਾ ਦਾ ਨਾਗਰਿਕ ਹੋਣ 'ਤੇ ਮਾਣ ਹੈ। ਮੈਂ ਖ਼ਾਲਿਸਤਾਨੀ ਅੱਤਵਾਦੀ ਨਹੀਂ ਹਾਂ ਅਤੇ ਨਾ ਹੀ ਉਨ੍ਹਾਂ ਲੋਕਾਂ ਦਾ ਹਮਦਰਦ ਹਾਂ ਪ੍ਰੰਤੂ ਇੱਥੇ ਕੈਨੇਡਾ ਅਤੇ ਸੰਸਦ ਵਿਚ ਕੁਝ ਲੋਕ ਉਨ੍ਹਾਂ ਅੱਤਵਾਦੀਆਂ ਦੇ ਹਮਾਇਤੀ ਹਨ। ਉਨ੍ਹਾਂ ਨੇ 2018 ਦੀ ਇਕ ਖ਼ੁਫ਼ੀਆ ਰਿਪੋਰਟ ਦਾ ਹਵਾਲਾ ਦਿੱਤਾ ਜਿਸ ਵਿਚ ਸਿੱਖ ਖ਼ਾਲਿਸਤਾਨੀ ਅੱਤਵਾਦੀ ਸ਼ਬਦ ਦੀ ਵਰਤੋਂ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਉਹ ਕੈਨੇਡਾ ਸਰਕਾਰ ਦੇ ਧੰਨਵਾਦੀ ਹਨ ਕਿ ਇਸ ਰਿਪੋਰਟ ਵਿੱਚੋਂ ਸਿੱਖ ਸ਼ਬਦ ਹਟਾਇਆ ਗਿਆ ਪ੍ਰੰਤੂ ਕੁਝ ਲੋਕ ਅਜਿਹੇ ਹਨ ਜੋ ਖ਼ਾਲਿਸਤਾਨ ਸ਼ਬਦ ਨੂੰ ਵੀ ਰਿਪੋਰਟ ਤੋਂ ਹਟਵਾਉਣਾ ਚਾਹੁੰਦੇ ਹਨ। ਜੋ ਲੋਕ ਇਸ ਰਿਪੋਰਟ ਤੋਂ ਖ਼ਾਲਿਸਤਾਨੀ ਅੱਤਵਾਦੀ ਸ਼ਬਦ ਹਟਾਉਣਾ ਚਾਹੁੰਦੇ ਹਨ ਉਹ ਕੈਨੇਡਾ ਦੀ ਸੁਰੱਖਿਆ ਨਾਲ ਸਮਝੌਤਾ ਕਰ ਰਹੇ ਹਨ। ਇਸ ਰਿਪੋਰਟ ਵਿਚ ਕੈਨੇਡਾ ਵਿਚ ਖ਼ਾਲਿਸਤਾਨੀ ਅੱਤਵਾਦੀਆਂ ਦੇ ਦੇਸ਼ ਵਿਚ ਫ਼ੈਲਣ ਦੇ ਬਾਰੇ ਵਿਚ ਪੂਰੀ ਜਾਣਕਾਰੀ ਦਿੱਤੀ ਗਈ ਹੈ।